ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਮੌਕੇ ਯਾਦਗਾਰ ਸਮਾਗਮ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਦੇ ਮੌਕੇ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ, ਪਟਿਆਲਾ ਵੱਲੋਂ ਪਰਭਾਤ ਪਰਵਾਨਾ ਹਾਲ ਵਿਚ ਦੂਜਾ ਭਾਸ਼ਣ ਮੁਕਾਬਲਾ, ਵਿਸ਼ੇਸ਼ ਸੈਮੀਨਾਰ ਤੇ ਦਸਵਾਂ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਸ਼ਣ ਮੁਕਾਬਲੇ ਨਾਲ ਹੋਈ, ਜਿਸ ਵਿਚ 32 ਸਕੂਲਾਂ ਦੇ ਵਿਦਿਆਰਥੀਆਂ ਨੇ ਜੋਸ਼, ਆਤਮਵਿਸ਼ਵਾਸ ਅਤੇ ਤਰਕਸੰਗਤ ਸੋਚ ਨਾਲ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ‘ਆਧੁਨਿਕ ਪੱਤਰਕਾਰੀ: ਚੁਣੌਤੀਆਂ ਤੇ ਜ਼ਿੰਮੇਵਾਰੀਆਂ’, ‘ਪ੍ਰੈੱਸ ਦੀ ਆਜ਼ਾਦੀ ਦਾ ਮਹੱਤਵ’, ‘ਪੱਤਰਕਾਰੀ ਤੇ ਨੈਤਿਕਤਾ’ ਤੇ ‘ਪੱਤਰਕਾਰੀ: ਲੋਕਤੰਤਰ ਦਾ ਚੌਥਾ ਸਤੰਭ’ ਵਰਗੇ ਵਿਸ਼ਿਆਂ ’ਤੇ ਵਿਦਿਆਰਥੀਆਂ ਦੇ ਪ੍ਰਭਾਵਸ਼ਾਲੀ ਵਿਚਾਰਾਂ ਨੇ ਹਾਜ਼ਰੀਨ ਨੂੰ ਮੋਹ ਲਿਆ। ਭਾਸ਼ਣ ਮੁਕਾਬਲੇ ਦੇ ਨਤੀਜਿਆਂ ਅਨੁਸਾਰ ਪ੍ਰਾਈਵੇਟ ਸਕੂਲ ਵਰਗ ਵਿੱਚ ਸਨੇਹਾ ਨੇ ਪਹਿਲਾ, ਸਿਮਰਨ ਨੇ ਦੂਜਾ ਅਤੇ ਅਵਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਸਰਕਾਰੀ ਸਕੂਲ ਵਰਗ ’ਚ ਮੁਸਕਾਨ ਨੇ ਪਹਿਲਾ, ਮਨਿੰਦਰਜੀਤ ਸਿੰਘ ਨੇ ਦੂਜਾ ਅਤੇ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟਰੱਸਟ ਵੱਲੋਂ ਹਰ ਭਾਗੀਦਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਖ਼ਾਸ ਤੌਰ ’ਤੇ ਉਤਸ਼ਾਹਿਤ ਕੀਤਾ ਗਿਆ। ਸਮਾਗਮ ਦੇ ਦੂਜੇ ਸੈਸ਼ਨ ਵਿਚ ‘ਆਧੁਨਿਕ ਪੱਤਰਕਾਰੀ: ਚੁਣੌਤੀਆਂ ਅਤੇ ਜ਼ਿੰਮੇਵਾਰੀਆਂ’ ਵਿਸ਼ੇ ’ਤੇ ਸੈਮੀਨਾਰ ਦੌਰਾਨ ਟਰੱਸਟ ਪ੍ਰਧਾਨ ਅਕਸ਼ੈ ਖਨੌਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਵਿੱਚ ਜਾਗਰੂਕਤਾ ਅਤੇ ਸੱਚੀ ਪੱਤਰਕਾਰੀ ਦੇ ਅਸੂਲਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਟਰੱਸਟ ਵੱਲੋਂ ਅਗਲੇ ਸਾਲ ਤੋਂ ਹਰ ਸਾਲ ‘ਸ਼ਹੀਦ ਕਰਤਾਰ ਸਿੰਘ ਸਰਾਭਾ ਪੱਤਰਕਾਰੀ ਐਵਾਰਡ’ ਦੇ ਕੇ ਦੋ ਯੋਗ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮਹਿਮਾਨ ਉੱਘੇ ਪੱਤਰਕਾਰ ਅਤੇ ਲੇਖਕ ਵਰਿੰਦਰ ਸਿੰਘ ਵਾਲੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੱਤਰਕਾਰੀ ਸਿਰਫ਼ ਖ਼ਬਰਾਂ ਦਾ ਮਾਧਿਅਮ ਨਹੀਂ, ਸਗੋਂ ਸਮਾਜ ਦੀ ਅੰਤਰਆਤਮਾ ਦੀ ਆਵਾਜ਼ ਹੈ, ਜੋ ਹਰ ਹਾਲਤ ਵਿਚ ਸੱਚ ਨੂੰ ਬੇਖ਼ੌਫ਼ ਹੋ ਕੇ ਲੋਕਾਂ ਤੱਕ ਪਹੁੰਚਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਿਜ਼ੀਟਲ ਯੁੱਗ ਵਿਚ ਨਿਰਪੱਖ ਅਤੇ ਨੈਤਿਕ ਪੱਤਰਕਾਰੀ ਦੀ ਭੂਮਿਕਾ ਹੋਰ ਵੀ ਵੱਧ ਗਈ ਹੈ। ਵਿਸ਼ੇਸ਼ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਅਮਨਪ੍ਰੀਤ ਰੰਧਾਵਾ ਨੇ ਕਿਹਾ ਕਿ ਤੇਜ਼ ਰਫ਼ਤਾਰ ਜਾਣਕਾਰੀ ਦੇ ਇਸ ਯੁੱਗ ਵਿਚ ਪ੍ਰਮਾਣਿਕ ਖ਼ਬਰਾਂ ਪਹੁੰਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਸਾਬਕਾ ਅਸਿਸਟੈਂਟ ਡਾਇਰੈਕਟਰ ਆਕਾਸ਼ਵਾਣੀ ਅਮਰਜੀਤ ਸਿੰਘ ਵੜੈਚ ਨੇ ਪੱਤਰਕਾਰੀ ਨੂੰ ਲੋਕਤੰਤਰ ਦਾ ਮਜ਼ਬੂਤ ਸਤੰਭ ਦੱਸਦਿਆਂ ਇਸ ਦੀ ਆਜ਼ਾਦੀ ਦੀ ਰੱਖਿਆ ਨੂੰ ਹਰ ਨਾਗਰਿਕ ਦੀ ਜ਼ਿੰਮੇਵਾਰੀ ਕਰਾਰ ਦਿੱਤਾ। ਭਾਸ਼ਣ ਮੁਕਾਬਲੇ ਦੇ ਜੱਜਾਂ ਵਜੋਂ ਡਾ. ਹਰਗੁਣਪ੍ਰੀਤ ਸਿੰਘ, ਡਾ. ਰਿਪੁਦਮਨ ਸਿੰਘ, ਡਾ. ਕੁਲਦੀਪ ਕੌਰ ਅਤੇ ਡਾ. ਹਰਮੀਤ ਕੌਰ ਨੇ ਵਿਦਿਆਰਥੀਆਂ ਦੀ ਪ੍ਰਸਤੁਤੀ ਦੀ ਭਰਪੂਰ ਪ੍ਰਸ਼ੰਸਾ ਕੀਤੀ।