ਜਨਗਣਨਾ 2027 ਲਈ ਤਿਆਰੀਆਂ ਮੁਕੰਮਲ, 30 ਤੋਂ ਹੋਵੇਗੀ ਸੈਲਫ ਇਨੁਮੀਰੇਸ਼ਨ ਦੀ ਸ਼ੁਰੂਆਤ
ਜਨਗਣਨਾ 2027 ਲਈ ਤਿਆਰੀਆਂ ਮੁਕੰਮਲ, 30 ਅਪ੍ਰੈਲ ਤੋਂ ਹੋਵੇਗੀ ਸੈਲਫ ਇਨੁਮੀਰੇਸ਼ਨ ਦੀ ਸ਼ੁਰੂਆਤ
Publish Date: Tue, 28 Apr 2026 06:17 PM (IST)
Updated Date: Tue, 28 Apr 2026 06:19 PM (IST)

ਫ਼ੋਟੋ ਫ਼ਾਈਲ : 12 -ਜਨਗਣਨਾ 2027 ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਏਡੀਸੀ ਕਮ ਜ਼ਿਲ੍ਹਾ ਸੈਸ਼ਨ ਅਫ਼ਸਰ ਪੂਜਾ ਸਿਆਲ ਗਰੇਵਾਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਰੂਮ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਜ਼ਿਲ੍ਹਾ ਸੈਸ਼ਨ ਅਫ਼ਸਰ ਪੂਜਾ ਸਿਆਲ ਗਰੇਵਾਲ ਨੇ ਜਨਗਣਨਾ 2027 ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਹ ਜਨਗਣਨਾ ਪਹਿਲੀ ਵਾਰ ਡਿਜ਼ੀਟਲ ਮੋਡ ’ਚ ਕਰਵਾਈ ਜਾ ਰਹੀ ਹੈ। ਇਸ ਤਹਿਤ ਸੈਲਫ ਇਨੁਮੀਰੇਸ਼ਨ ਦੀ ਪਹਿਲ ਕੀਤੀ ਗਈ ਹੈ, ਜਿਸ ਤਹਿਤ ਕੋਈ ਵੀ ਨਾਗਰਿਕ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਪਣੇ ਪਰਿਵਾਰ ਦੀ ਜਾਣਕਾਰੀ ਖ਼ੁਦ ਦਰਜ ਕਰ ਸਕੇਗਾ। ਇਸ ਤੋਂ ਬਾਅਦ 15 ਮਈ ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਦਾ ਪਹਿਲਾ ਫੇਜ਼ ਸ਼ੁਰੂ ਹੋਵੇਗਾ, ਜਿਸ ’ਚ ਗਣਨਾਕਾਰ ਘਰ-ਘਰ ਜਾ ਕੇ 33 ਸਵਾਲ ਪੁੱਛਣਗੇ। ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ 30 ਅਪ੍ਰੈਲ ਨੂੰ ਜ਼ਿਲ੍ਹੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸੈਲਫ ਇਨੁਮੀਰੇਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਡਿਜ਼ੀਟਲ ਜਨਗਣਨਾ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਬੀਡੀਪੀਓਜ਼ ਅਤੇ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਤੇ ਸ਼ਹਿਰਾਂ ’ਚ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਸਿੱਖਿਆ ਵਿਭਾਗ ਨੂੰ ਸਕੂਲਾਂ ’ਚ ਸਵੇਰ ਦੀ ਸਭਾ ਦੌਰਾਨ ਬੱਚਿਆਂ ਨੂੰ ਜਾਣਕਾਰੀ ਦੇਣ ਅਤੇ ਪੋਸਟਰ ਮੁਕਾਬਲੇ ਕਰਵਾਉਣ ਲਈ ਕਿਹਾ ਗਿਆ ਹੈ। ਖੇਡ ਵਿਭਾਗ ਨੂੰ ਮੈਰਾਥਨ ਅਤੇ ਸਾਈਕਲ ਰੈਲੀਆਂ ਵਰਗੀਆਂ ਗਤੀਵਿਧੀਆਂ ਉਲੀਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੀਟਿੰਗ ’ਚ ਐੱਸਡੀਐੱਮ ਫਤਹਿਗੜ੍ਹ ਸਾਹਿਬ ਸੂਬਾ ਸਿੰਘ, ਐਸਡੀਐਮ ਅਮਲੋਹ ਚਰਨਜੋਤ ਸਿੰਘ ਵਾਲੀਆ, ਐਸਡੀਐਮ ਬੱਸੀ ਪਠਾਣਾ ਹਰਵੀਰ ਕੌਰ, ਐਸਡੀਐਮ ਖਮਾਣੋਂ ਅਰਵਿੰਦ ਕੁਮਾਰ ਗੁਪਤਾ, ਸਹਾਇਕ ਖੋਜ ਅਫ਼ਸਰ ਹਰਮਨਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ, ਤਹਿਸੀਲਦਾਰ ਯਿਸੂ ਬਾਂਸਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।