ਸਾਇਬਰ ਠੱਗਾਂ ਤੋਂ ਬਚਣ ਲਈ ਇਹਤਿਆਤ ਜ਼ਰੂਰੀ : ਐਸਐਸਪੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਫਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਸੀਨੀਅਰ ਸਿਟੀਜ਼ਨਾਂ ਦੀ ਮਾਸਿਕ ਬੈਠਕ ਵਿਚ ਸਾਈਬਰ ਠੱਗਾਂ ਤੋਂ ਬਚਾਅ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਉਨ੍ਹਾਂ ਨਾਗਰਿਕਾਂ ਨੂੰ ਹਦਾਇਤ ਦਿੱਤੀ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਨਿੱਜੀ ਜਾਣਕਾਰੀ ਜਾਂ ਓਟੀਪੀ ਕਦੇ ਸਾਂਝਾ ਨਾ ਕੀਤਾ ਜਾਵੇ। ਉਨ੍ਹਾਂ ਸਾਇਬਰ ਠੱਗਾਂ ਵੱਲੋਂ ਅਪਣਾਏ ਵੱਖ-ਵੱਖ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਠੱਗੀ ਦੀ ਸਥਿਤੀ ਵਿਚ ਤੁਰੰਤ 1930 ਨੰਬਰ ਤੇ ਸ਼ਿਕਾਇਤ ਦਰਜ ਕਰਵਾਉਣ, 112 ਨੰਬਰ ਤੇ ਸੂਚਨਾ ਦੇਣ ਅਤੇ ਸੰਬੰਧਤ ਬੈਂਕ ਨੂੰ ਈਮੇਲ ਰਾਹੀਂ ਜਾਣੂ ਕਰਵਾਉਣ ਦੀ ਸਲਾਹ ਦਿੱਤੀ। ਐਸੋਸੀਏਸ਼ਨ ਦੇ ਪ੍ਰਧਾਨ ਰਾਮਨਾਥ ਸ਼ਰਮਾ ਨੇ ਐੱਸਐੱਸਪੀ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਉਨ੍ਹਾਂ ਨੇ ਬਹੁਤ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਸਨ ਜੋ ਪਹਿਲਾਂ ਕਦੇ ਨਹੀਂ ਵੇਖੇ ਗਏ। ਉਦਯੋਗਪਤੀ ਦਵਿੰਦਰ ਵਰਮਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਆਲ ਇੰਡੀਆ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਬਣਨ ਤੇ ਨਕੇਸ਼ ਜਿੰਦਲ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋ ਅਸ਼ੋਕ ਸੂਦ ਨੇ ਕੀਤਾ। ਸਤਪਾਲ ਪੁਰੀ, ਤਰਸੇਮ ਖੁੱਲਰ, ਅਨਿਲ ਅੱਤਰੀ, ਅਮਰੀਕ ਸਿੰਘ, ਜਗਦੀਸ਼ ਵਰਮਾ ਅਤੇ ਤਰਵਿੰਦਰ ਚੱਢਾ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਸਰੋਤਿਆਂ ਨੂੰ ਮਨਮੋਹ ਲਿਆ। ਬੈਠਕ ਵਿੱਚ ਪਿਛਲੇ ਦਿਨੀ ਵਿਛੜੀਆਂ ਰੂਹਾਂ ਰਘਵੀਰ ਸੂਰੀ, ਰਵਿੰਦਰ ਪੁਰੀ ਦੇ ਪੁੱਤਰ ਯੋਗੇਸ਼ ਪੁਰੀ ਅਤੇ ਰਾਜੇਸ਼ ਸ਼ਰਮਾ ਦੀ ਮਾਤਾ ਨਿਰਮਲਾ ਦੇਵੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਫਰਵਰੀ ਤੇ ਮਾਰਚ ਵਿਚ ਜੰਮੇ ਮੈਂਬਰ ਰਾਧੇ ਸ਼ਾਮ ਸੂਦ, ਹਰਜਿੰਦਰ ਚੱਢਾ, ਤਰਵਿੰਦਰ ਚੱਢਾ, ਦਿਨੇਸ਼ ਗੁਪਤਾ ਦੇ ਜਨਮਦਿਨ ਅਤੇ ਨਕੇਸ਼ ਜਿੰਦਲ ਦੀ ਵਿਆਹ ਦੀ ਸਾਲਗਿਰ੍ਹ ਨੂੰ ਕੇਕ ਕੱਟ ਕੇ ਮਨਾਇਆ ਗਿਆ।