ਰਸੋਈ ਗੈਸ ਦੀ ਕਿੱਲਤ ਨੂੰ ਲੈ ਕੇ ਖਪਤਕਾਰਾਂ ’ਚ ਪਰੇਸ਼ਾਨੀ
ਰਸੋਈ ਗੈਸ ਦੀ ਕਿੱਲਤ ਨੂੰ ਲੈ ਕੇ ਖਪਤਕਾਰਾਂ ਵਿੱਚ ਪ੍ਰੇਸ਼ਾਨੀ
Publish Date: Fri, 15 May 2026 04:41 PM (IST)
Updated Date: Sat, 16 May 2026 04:01 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਰਸੋਈ ਗੈਸ ਸਿਲੰਡਰ ਲੈਣ ਲਈ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਗੈਸ ਏਜੰਸੀ ਵਿੱਚ ਗੈਸ ਸਿਲੰਡਰ ਲੈਣ ਲਈ ਆਏ ਖੱਜਲ ਖੁਆਰ ਹੁੰਦੇ ਹਨ। ਹਰ ਰੋਜ਼ ਬਹੁਤ ਸਾਰੇ ਲੋਕ ਗੈਸ ਸਿਲੰਡਰ ਨਾ ਮਿਲਣ ਦੀ ਸਮੱਸਿਆ ਲੈ ਕੇ ਆਉਂਦੇ ਹਨ। ਪਿੰਡਾਂ ਵਿੱਚੋਂ ਤਪਦੀ ਗਰਮੀ ਵਿੱਚ ਸਮੱਸਿਆ ਲੈ ਕੇ ਦਿੜ੍ਹਬਾ ਵਿਖੇ ਗੈਸ ਏਜੰਸੀ ਵਿੱਚ ਆਉਂਦੇ ਹਨ। ਫਿਰ ਵੀ ਬਹੁਤੇ ਲੋਕਾਂ ਦੀ ਸਮੱਸਿਆ ਹੱਲ ਨਹੀਂ ਹੁੰਦੀ। ਪ੍ਰਧਾਨ ਲਾਲ ਸਿੰਘ ਸੰਤਪੁਰਾ, ਸੁਖਦੇਵ ਸਿੰਘ ਦਿੜ੍ਹਬਾ, ਗੁਰਪ੍ਰੀਤ ਸਿੰਘ ਕੜਿਆਲ, ਜਗਰਾਜ ਸਿੰਘ ਸੂਲਰ ਘਰਾਟ, ਬਲਬੀਰ ਸਿੰਘ ਘਨੌੜ ਰਾਜਪੂਤਾਂ ਨੇ ਕਿਹਾ ਕਿ ਮੋਬਾਇਲ ਤੋਂ ਗੈਸ ਸਿਲੰਡਰ ਬੁੱਕ ਹੋ ਜਾਂਦਾ ਹੈ। ਪਰ ਜਦ ਗੈਸ ਸਿਲੰਡਰ ਵਾਲੀ ਗੱਡੀ ਪਿੰਡ ਜਾਂਦੀ ਹੈ ਤਾਂ ਪਰਚੀ ਨਾ ਕੱਟੀ ਹੋਣ ਕਰਕੇ ਗੈਸ ਸਿਲੰਡਰ ਨਹੀਂ ਮਿਲਦਾ। ਸਰਕਾਰ ਨੇ ਗੈਸ ਸਿਲੰਡਰ ਘਰ-ਘਰ ਪਹੁੰਚਾਉਣ ਦੀ ਸਹੂਲਤ ਦਿੱਤੀ ਹੋਈ ਹੈ। ਪਰ ਇੱਥੇ ਗੈਸ ਸਿਲੰਡਰ ਦੀ ਬੁਕਿੰਗ ਠੀਕ ਕਰਵਾਉਣ ਲਈ ਪਿੰਡਾਂ ਤੇ ਸ਼ਹਿਰ ਵਾਲਿਆਂ ਨੂੰ ਗੈਸ ਏਜੰਸੀ ਦੇ ਕਈ ਕਈ ਗੇੜੇ ਮਾਰਨੇ ਪੈਂਦੇ ਹਨ। ਜਿਸ ਨਾਲ ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਪ੍ਰਸ਼ਾਸਨ ਲੋਕਾਂ ਦੀ ਸਮੱਸਿਆ ਪ੍ਰਤੀ ਗੰਭੀਰ ਨਹੀਂ ਹੈ। ਲੋਕ ਖੱਜਲ ਖੁਆਰ ਹੋਣ ਲਈ ਮਜਬੂਰ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਜੇਕਰ ਦਿੜ੍ਹਬਾ ਇਲਾਕੇ ਦੇ ਗੈਸ ਖਪਤਕਾਰਾਂ ਦੀਆਂ ਸਮੱਸਿਆਂਵਾਂ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਹੱਲ ਕਰਨ ਲਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਪੰਕਜ ਕੁਮਾਰ ਨੇ ਕਿਹਾ ਕਿ ਗੈਸ ਸਪਲਾਈ ਸਬੰਧੀ ਕਿਸੇ ਵੀ ਖਪਤਕਾਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਡਿਲਵਰੀ ਸਮੇਂ ਬੁਕਿੰਗ ਸਿਲੰਡਰਾਂ ਦੀਆਂ ਪਰਚੀਆਂ ਨਾ ਪਹੁੰਚਣ ਸਬੰਧੀ ਪੜਤਾਲ ਕਰਕੇ ਅੱਗੇ ਤੋਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਗੈਸ ਖਪਤਕਾਰ ਬੇਝਿਜਕ ਹੋ ਕੇ ਵਿਭਾਗ ਦੇ ਧਿਆਨ ਵਿੱਚ ਸਮੱਸਿਆ ਲਿਆਉਣ ਤਾਂ ਜੋ ਮਸਲਾ ਕੀਤਾ ਜਾ ਸਕੇ।