ਪੁਲਿਸ ਨੇ 12 ਘੰਟਿਆਂ ’ਚ ਅੰਨਾ ਕਤਲ ਕੇਸ ਕੀਤਾ ਟਰੇਸ; 4 ਦੋਸ਼ੀ ਕਾਬੂ
ਪੁਲਿਸ ਨੇ 12 ਘੰਟਿਆਂ 'ਚ ਅੰਨਾ ਕਤਲ ਕੇਸ ਕੀਤਾ ਟਰੇਸ; 4 ਦੋਸ਼ੀ ਕਾਬੂ
Publish Date: Thu, 26 Feb 2026 05:22 PM (IST)
Updated Date: Fri, 27 Feb 2026 04:05 AM (IST)

1 ਦੇਸੀ ਪਿਸਤੌਲ .32 ਬੋਰ, 1 ਦੇਸੀ ਕੱਟਾ .315 ਬੋਰ ਤੇ ਆਲਟੋ ਕਾਰ ਬਰਾਮਦ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਨੇ ਲਹਿਰਾ ਇਲਾਕੇ ਵਿਚ ਹੋਏ ਅੰਨੇ ਕਤਲ ਨੂੰ 12 ਘੰਟਿਆਂ ਅੰਦਰ ਟਰੇਸ ਕਰ ਕੇ 4 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ 1 ਦੇਸੀ ਪਿਸਤੌਲ .32 ਬੋਰ (ਮੈਗਜ਼ੀਨ ਵਾਲਾ), 1 ਦੇਸੀ ਪਿਸਤੌਲ (ਕੱਟਾ) ਸਮੇਤ 1 ਖੋਲ .315 ਬੋਰ ਤੇ ਆਲਟੋ ਕਾਰ ਬਰਾਮਦ ਕਰਵਾਈ ਗਈ। ਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ 17/18 ਫਰਵਰੀ ਦੀ ਰਾਤ ਨੂੰ ਪਿੰਡ ਲਹਿਲ ਕਲਾਂ ਵਿਖੇ ਦੋ ਨਾਮਾਲੂਮ ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੁਰਪ੍ਰੀਤ ਸਿੰਘ ਉਰਫ ਬੱਬੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਥਾਣਾ ਲਹਿਰਾ ਵਿਚ ਨਾਮਾਲੂਮ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਇਸ ਮਾਮਲੇ ਨੂੰ ਸੁਲਾਝਉਣ ਦੇ ਲਈ ਪੁਲਿਸ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਤਫ਼ਤੀਸ਼ ਦੌਰਾਨ ਉਕਤ ਅੰਨੇ ਕਤਲ ਨੂੰ 12 ਘੰਟਿਆਂ ਦੇ ਅੰਦਰ ਟਰੇਸ ਕਰ ਕੇ 18 ਫਰਵਰੀ ਨੂੰ ਦੋਸ਼ੀ ਰਮਨਦੀਪ ਸਿੰਘ ਉਰਫ ਰਵੀ ਵਾਸੀ ਤਲਵਾੜਾ (ਹਰਿਆਣਾ) ਹਾਲ ਅਬਾਦ ਚੂੜਲ ਕਲਾਂ ਥਾਣਾ ਲਹਿਰਾ ਨੂੰ ਨਾਮਜਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਪੁੱਛ-ਗਿੱਛ ਦੇ ਆਧਾਰ ’ਤੇ 18 ਫਰਵਰੀ ਨੂੰ ਹੀ ਦੋਸ਼ੀ ਰਵੀ ਵਾਸੀ ਸਿਧਾਣੀ ਥਾਣਾ ਜਾਖਲ ਨੂੰ ਨਾਮਜਦ ਕਰ ਕੇ 20 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਵੀ ਦੀ ਪੁੱਛ-ਗਿੱਛ ’ਤੇ ਦੋਸ਼ੀ ਮੌਜੀ ਤੇ ਹਰਪ੍ਰੀਤ ਉਰਫ ਹਰੀ ਸਿਧਾਣੀ ਥਾਣਾ ਜਾਖਲ (ਹਰਿਆਣਾ) ਨੂੰ ਨਾਮਜਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤਿਆ 1 ਦੇਸੀ ਪਿਸਤੌਲ .32 ਬੋਰ (ਮੈਗਜ਼ੀਨ ਵਾਲਾ), 1 ਦੇਸੀ ਪਿਸਤੌਲ (ਕੋਟਾ) ਸਮੇਤ 1 ਖੋਲ .315 ਬੋਰ ਅਤੇ ਆਲਟੋ ਕਾਰ ਬਾਮਦ ਕਰਵਾਈ ਗਈ। ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਮਨਦੀਪ ਸਿੰਘ ਉਰਫ ਰਵੀ ਦੀ ਭੈਣ ਨਾਲ ਗੁਰਪ੍ਰੀਤ ਸਿੰਘ ਉਰਫ ਬੱਬੂ ਨੇ ਕਰੀਬ ਡੇਢ ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ, ਜੋ ਰਮਨਦੀਪ ਸਿੰਘ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਦੋਸੀ ਰਵੀ ਵਾਸੀ ਸਿਧਾਣੀ, ਰਮਨਦੀਪ ਸਿੰਘ ਦਾ ਦੋਸਤ ਸੀ ਅਤੇ ਦੂਸਰੇ ਦੋਸੀ ਮੌਜੀ ਤੇ ਹਰਪ੍ਰੀਤ ਉਰਫ ਹਰੀ ਅੱਗੇ ਰਵੀ ਦੇ ਦੋਸਤ ਸਨ। ਜਿਨ੍ਹਾਂ ਨੇ ਯੋਜਨਾ ਬਣਾ ਕੇ ਗੁਰਪ੍ਰੀਤ ਸਿੰਘ ਉਰਫ ਬੱਬੂ ਦਾ ਕਤਲ ਕਰ ਦਿੱਤਾ। ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।