ਪੁਲਿਸ ਨੇ ਅੰਨੇ ਕਤਲ ਦਾ ਮਾਮਲਾ ਸੁਲਝਿਆ, 2 ਗ੍ਰਿਫ਼ਤਾਰ
ਪੁਲਿਸ ਨੇ ਅੰਨੇ ਕਤਲ ਦਾ ਮਾਮਲਾ ਸੁਲਝਿਆ, 2 ਗ੍ਰਿਫ਼ਤਾਰ
Publish Date: Mon, 04 May 2026 05:42 PM (IST)
Updated Date: Tue, 05 May 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪਿਛਲੇ ਦਿਨੀਂ ਹੋਏ ਅੰਨੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਦਿਆਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, ਇਹ ਮਾਮਲਾ ਨਾਜਾਇਜ਼ ਸੰਬੰਧਾਂ ਨਾਲ ਜੁੜਿਆ ਹੋਇਆ ਹੈ। ਮਰਨ ਵਾਲਾ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਉਸਦੇ ਘਰ ਗਿਆ ਸੀ, ਜਿੱਥੇ ਪ੍ਰੇਮਿਕਾ ਦੇ ਪਤੀ ਨੇ ਉਸਨੂੰ ਵੇਖ ਲਿਆ। ਜਿਸਤੋਂ ਬਾਅਦ ਪਤੀ-ਪਤਨੀ ਨੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਸੁਖਜੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਸਰੌਦ ਵੱਲੋਂ ਥਾਣਾ ਹਾਜ਼ਰ ਹੋ ਕੇ ਆਪਣੇ ਪਤੀ ਸੁਰਜੀਤ ਸਿੰਘ ਦੇ ਲਾਪਤਾ ਹੋਣ ਸਬੰਧੀ ਸੂਚਨਾ ਦਿੱਤੀ ਸੀ। ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੁਖਜੀਤ ਕੌਰ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਤਕਨੀਕੀ ਸਬੂਤ ਇਕੱਠੇ ਕਰਦੇ ਹੋਏ ਤੇ ਮੌਕੇ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ। ਇਸ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਪਰਮਜੀਤ ਕੌਰ ਤੇ ਹਰਪ੍ਰੀਤ ਸਿੰਘ ਵਾਸੀ ਸਰੌਦ ਨੂੰ ਜਾਂਚ ’ਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਸੁਰਜੀਤ ਸਿੰਘ ਦੇ ਪਰਮਜੀਤ ਕੌਰ ਨਾਲ ਨਾਜਾਇਜ਼ ਸਬੰਧਾਂ ਦਾ ਮਸਲਾ ਸਾਹਮਣੇ ਆਇਆ। ਪੁਲਿਸ ਮੁਤਾਬਿਕ ਸੁਰਜੀਤ ਸਿੰਘ ਉਸਨੂੰ ਮਿਲਣ ਲਈ ਉਸਦੇ ਘਰ ਗਿਆ ਸੀ, ਜਿੱਥੇ ਪਰਮਜੀਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਨੇ ਦੋਨਾਂ ਨੂੰ ਇਕੱਠੇ ਦੇਖ ਲਿਆ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਆਪਣੀ ਪਤਨੀ ਦੀ ਮਦਦ ਨਾਲ ਸੁਰਜੀਤ ਸਿੰਘ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਬੋਰੀ ’ਚ ਪਾ ਕੇ ਸਕੂਟਰ ਦੇ ਪਿੱਛੇ ਰੱਖ ਕੇ ਪਿੰਡ ਮੰਡਿਆਲਾ ਤੋਂ ਰਾਣਵਾਂ ਨੂੰ ਜਾਣ ਵਾਲੀ ਸੜਕ ’ਤੇ ਡਰੇਨ ਪੁਲ ਨੇੜੇ ਸੁੱਟ ਦਿੱਤਾ। ਪਰਮਜੀਤ ਕੌਰ ਤੇ ਉਸਦੇ ਪਤੀ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਦੌਰਾਨ ਦੋਸ਼ੀ ਹਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਕਤਲ ਲਈ ਵਰਤੀ ਗਈ ਲੋਹੇ ਦੀ ਰਾਡ, ਸਕੂਟਰ ਤੇ ਮ੍ਰਿਤਕ ਦਾ ਟੁੱਟਿਆ ਹੋਇਆ ਮੋਬਾਈਲ ਫੋਨ ਸਮੇਤ ਸਿੰਮ ਕਾਰਡ ਬਰਾਮਦ ਕਰ ਕੇ ਪੁਲਿਸ ਕਬਜ਼ੇ ’ਚ ਲਿਆ ਗਿਆ। ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।