ਪਹਿਲਾਂ ਪਾਈਪ ਲਈ ਸੜਕ ਤੋੜੀ, ਹੁਣ ਸੜਕ ਲਈ ਪਾਈਪਾਂ ਤੋੜੀਆਂ
ਪਹਿਲਾਂ ਪਾਈਪ ਲਈ ਸੜਕ ਤੋੜੀ, ਹੁਣ ਸੜਕ ਲਈ ਪਾਈਪਾਂ ਤੋੜਤੀਆਂ
Publish Date: Sat, 08 Nov 2025 08:01 PM (IST)
Updated Date: Sun, 09 Nov 2025 04:10 AM (IST)

ਫੋਟੋ 8ਪੀਟੀਐਲ 14,15 ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਬਹਾਦਰਗੜ੍ਹ : ਕਸਬਾ ਬਹਾਦਰਗੜ੍ਹ ’ਚ ਸੀਲ ਘਨੌਰ ਰੋਡ ਦੇ ਨਾਲ ਨਾਲ ਲੱਗਭਗ 3 ਸਾਲ ਪਹਿਲਾਂ ਬਹਾਦਰਗੜ੍ਹ ਤੋਂ ਮਹਿਮਦਪੁਰ ਜੱਟਾਂ ਪਿੰਡ ਤੱਕ ਸੀਵਰੇਜ ਦੀ ਪਈਪ ਲਾਈਨ ਪਾਈ ਗਈ ਸੀ। ਇਸ ਦੌਰਾਨ ਜੇਸੀਬੀ ਨਾਲ ਜ਼ਮੀਨ ਦੀ ਖੁਦਾਈ ਕਰਦਿਆਂ ਬਹਾਦਰਗੜ੍ਹ ਤੋਂ ਮਹਿਮਦਪੁਰ ਜੱਟਾਂ ਪਿੰਡ ਤੱਕ ਇਸ ਪਾਸੇ ਦੀ 3-3 ਫੁੱਟ ਦੇ ਕਰੀਬ ਸੜਕ ਤੋੜ ਦਿੱਤੀ ਗਈ ਸੀ। ਉਦੋਂ ਤੋਂ ਹੁਣ ਤੱਕ ਇਸ ਸੜਕ ਨੂੰ ਨਹੀਂ ਬਣਾਇਆ ਗਿਆ ਸੀ। ਹੁਣ ਜਦੋਂ ਕਿ ਪਿਛਲੇ ਹਫਤੇ ਇਸ ਤੋੜੀ ਗਈ ਸੜਕ ਨੂੰ ਬਣਾਉਣ ਦਾ ਕਾਰਜ ਆਰੰਭ ਹੋਇਆ ਤਾਂ ਜੇਸੀਬੀ ਨਾਲ ਜਮੀਨ ਦੀ ਪੁਟਾਈ ਕਰਦਿਆਂ ਜਮੀਨ ਹੇਠ ਸੀਵਰੇਜ ਅਤੇ ਪਾਣੀ ਦੀਆਂ ਪਈਪ ਲਾਈਨ ਤੋੜ ਦਿੱਤੀ ਗਈ ਹੈ। ਸਾਡੇ ਸਿਸਟਮ ਦਾ ਇਹ ਅਜੀਬ ਵਰਤਾਰਾ ਹੈ ਕਿ ਜਦੋਂ ਪਾਈਪ ਪਾਉਣੀ ਸੀ ਤਾਂ ਸੜਕ ਤੋੜ ਦਿੱਤੀ ਤੇ ਹੁਣ ਜਦੋਂ ਸੜਕ ਬਣਾ ਰਹੇ ਹਨ ਤਾਂ ਪਾਈਪਾਂ ਤੋੜ ਦਿੱਤੀਆਂ ਹਨ। ਇਹ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਜਦੋਂ ਵੀ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਉਸ ਦੀ ਰੂਪਰੇਖਾ ਉਲੀਕੀ ਜਾਂਦੀ ਹੈ ਅਤੇ ਵਿਭਾਗਾਂ ਦਾ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ ਪਰ ਇਥੇ ਅਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ ਹੈ ਜਿਸ ਕਾਰਨ ਇਕ ਕੰਮ ਨੂੰ ਸੰਵਾਰਨ ਲਈ ਦੂਜੇ ਕੰਮ ਨੂੰ ਵਿਗਾੜ ਦਿੱਤਾ ਜਾਂਦਾ ਹੈ। ਇਲਾਕਾ ਨਿਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀਕਲਾ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਬਹਾਦਰਗੜ੍ਹ ਨੇ ਦੱਸਿਆ ਕਿ ਪਹਿਲਾਂ ਤਾਂ ਪਿਛਲੇ ਲੰਬੇ ਸਮੇਂ ਤੋਂ ਸੜਕ ਨਾ ਬਣਾਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ, ਹੁਣ ਜਦੋਂ ਕਿ ਪਿਛਲੇ ਹਫਤੇ ਸੜਕ ਬਣਾਉਣ ਦਾ ਕੰਮ ਚੱਲਿਆ ਹੈ ਤਾਂ ਜੇਸੀਬੀ ਨੇ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਤੋੜ ਦਿੱਤੀਆਂ ਹਨ। ਬਜਾਰ ’ਚ ਹਰ ਸਮੇਂ ਵਾਹਨਾਂ ਨਾਲ ਮਿੱਟੀ ਘੱਟਾ ਉਡਦਾ ਰਹਿੰਦਾ ਹੈ ਅਤੇ ਹਵਾ ਪ੍ਰਦੂਸ਼ਣ ਕਾਰਨ ਦੁਕਾਨਦਾਰ ਤੇ ਇਲਾਕਾ ਵਾਸੀ ਪ੍ਰੇਸ਼ਾਨ ਹਨ ਪਰ ਪਾਣੀ ਛਿੜਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਸ ਸੜਕ ’ਤੇ ਹਰ ਸਮੇਂ ਭਾਰੀ ਆਵਾਜਾਈ ਰਹਿੰਦੀ ਹੈ ਪਰ ਸੜਕ ਦਾ ਕੰਮ ਚੱਲਣ ਕਾਰਨ ਜਾਮ ਲੱਗ ਜਾਂਦਾ ਹੈ। ਅਮਰੀਕ ਸਿੰਘ ਬਹਾਦਰਗੜ੍ਹ ਅਤੇ ਹੋਰ ਇਲਾਕਾ ਵਾਸੀਆਂ ਨੇ ਕਿਹਾ ਕਿ ਇਹ ਕਿਸ ਤਰਾਂ ਦਾ ਵਿਕਾਸ ਹੈ ਜਿਸ ਨਾਲ ਪਹਿਲਾਂ ਤਾਂ ਪਾਈਪ ਪਾਉਣ ਲਈ ਚੰਗੀ ਭਲੀ ਸੜਕ ਨੂੰ ਤੋੜ ਦਿੱਤਾ ਜਾਂਦਾ ਹੈ ਅਤੇ ਬਾਅਦ ’ਚ ਸੜਕ ਬਣਾਉਣ ਲਈ ਪਾਈਪ ਤੋੜ ਦਿੱਤੇ ਜਾਂਦੇ ਹਨ। ਉਨਾਂ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਧਿਆਨ ਦੇ ਕੇ ਵਿਭਾਗਾਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ।