11 ਡਾਕਟਰਾਂ ਦੇ ਸਹਾਰੇ ਚੱਲ ਰਿਹਾ ਪੀਜੀਆਈ ਸੈਟੇਲਾਈਟ
11 ਡਾਕਟਰਾਂ ਦੇ ਸਹਾਰੇ ਚੱਲ ਰਿਹਾ ਪੀਜੀਆਈ ਸੈਟੇਲਾਈਟ
Publish Date: Fri, 01 May 2026 05:41 PM (IST)
Updated Date: Sat, 02 May 2026 04:08 AM (IST)

ਸੰਗਰੂਰ ਪੀਜੀਆਈ ਦੀ ਕਾਗਜ਼ੀ ਸਫ਼ਲਤਾ ਜਨਤਾ ਨਾਲ ਕੋਝਾ ਮਜ਼ਾਕ : ਕਮਲ ਅਨੰਦ\ ਕਾਲੜਾ ਪੰਜਾਬੀ ਜਾਗਰਣ ਰਿਪੋਰਟਰ, ਸੰਗਰੂਰ : ਉੱਘੇ ਕਾਨੂੰਨੀ ਮਾਹਿਰ ਐਡਵੋਕੇਟ ਕਮਲ ਆਨੰਦ ਤੇ ਪ੍ਰਸਿੱਧ ਸਮਾਜਿਕ ਕਾਰਕੁਨ ਜਤਿੰਦਰ ਕੁਮਾਰ ਕਾਲੜਾ ਨੇ ਪੀਜੀਆਈ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਸੰਗਰੂਰ ਸੈਟੇਲਾਈਟ ਸੈਂਟਰ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਬਰਾਬਰ ਦੱਸਿਆ ਹੈ। ਕੱਲ੍ਹ ਦੀਆਂ ਅਖ਼ਬਾਰੀ ਸੁਰਖੀਆਂ ਵਿਚ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਵੱਲੋਂ ਸੰਗਰੂਰ ਸੈਂਟਰ ਨੂੰ ਇਕ ਸਫ਼ਲ ਮਾਡਲ ਦੱਸਣ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਜਤਿੰਦਰ ਕਾਲੜਾ ਨੇ ਕਿਹਾ ਕਿ ਡਾਇਰੈਕਟਰ ਦੀ ਸਫ਼ਲਤਾ ਦੀ ਪਰਿਭਾਸ਼ਾ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਸ ਹਸਪਤਾਲ ਵਿੱਚ ਸਿਰਫ਼ 11 ਡਾਕਟਰ ਤਾਇਨਾਤ ਹੋਣ, ਉਸ ਨੂੰ ਪੀਜੀਆਈ ਪੱਧਰ ਦੀ ਸਹੂਲਤ ਕਿਵੇਂ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਨਾ ਤਾਂ ਬਲੱਡ ਬੈਂਕ ਹੈ ਤੇ ਨਾ ਹੀ ਕੋਈ ਐਮਰਜੈਂਸੀ ਜਾਂ ਟਰਾਮਾ ਸੇਵਾਵਾਂ। ਅੱਜ ਵੀ ਮਾਮੂਲੀ ਕੇਸ ਹੋਣ ’ਤੇ ਮਰੀਜ਼ ਨੂੰ 120 ਕਿਲੋਮੀਟਰ ਦੂਰ ਚੰਡੀਗੜ੍ਹ ਰੈਫਰ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਕਈ ਮਰੀਜ਼ ਰਸਤੇ ਵਿੱਚ ਹੀ ਦਮ ਤੋੜ ਦਿੰਦੇ ਹਨ। ਉਨ੍ਹਾਂ ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਲਿਆਂਦੀਆਂ ਗਈਆਂ ਲਿਫਟਾਂ ਤੇ ਐਸਕੇਲੇਟਰ ਹਸਪਤਾਲ ਦੇ ਬਾਹਰ ਖੁੱਲ੍ਹੇ ਵਿੱਚ ਪਏ ਧੂੜ ਫੱਕ ਰਹੇ ਹਨ ਅਤੇ ਖ਼ਰਾਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਨਤਾ ਦੇ ਟੈਕਸ ਦੇ ਪੈਸੇ ਦੀ ਸਿੱਧੀ ਬਰਬਾਦੀ ਹੈ। ਐਡਵੋਕੇਟ ਕਮਲ ਆਨੰਦ ਨੇ ਕਾਨੂੰਨੀ ਪੱਖ ਤੋਂ ਪ੍ਰਸ਼ਾਸਨ ਨੂੰ ਘੇਰਦਿਆਂ ਕਿਹਾ ਕਿ ਕਰੋੜਾਂ ਰੁਪਏ ਦਾ ਬਜਟ ਖਰਚਣ ਦੇ ਬਾਵਜੂਦ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਨਾ ਦੇਣਾ ਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟਰ ਦਾ ਇਹ ਬਿਆਨ ਕਿ ਸੰਗਰੂਰ ਦੀ ਸਫ਼ਲਤਾ ਨੇ ਸਾਬਿਤ ਕੀਤਾ ਹੈ ਕਿ ਮਰੀਜ਼ ਹੁਣ ਚੰਡੀਗੜ੍ਹ ਨਹੀਂ ਆਵੇਗਾ , ਸਰਾਸਰ ਗਲਤ ਹੈ ਕਿਉਂਕਿ ਸੰਗਰੂਰ ਸੈਂਟਰ ਅਜੇ ਵੀ ਸਿਰਫ਼ ਇੱਕ ਡੇ-ਕੇਅਰ ਓ.ਪੀ.ਡੀ. ਵਜੋਂ ਕੰਮ ਕਰ ਰਿਹਾ ਹੈ।ਐਡਵੋਕੇਟ ਕਮਲ ਆਨੰਦ ਨੇ ਆਰਟੀਆਈ (ਸੂਚਨਾ ਦਾ ਅਧਿਕਾਰ) ਰਾਹੀਂ ਪ੍ਰਾਪਤ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਵਿੱਤ ਵਰ੍ਹੇ 2025-26 ਲਈ ਸੰਗਰੂਰ ਕੇਂਦਰ ਲਈ 95.77 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿੱਚੋਂ 62.40 ਕਰੋੜ ਰੁਪਏ ਸਿਰਫ਼ ਤਨਖਾਹਾਂ ਲਈ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਰੋੜਾਂ ਰੁਪਏ ਤਨਖਾਹਾਂ ਅਤੇ ਮੁਰੰਮਤ ਤੇ ਖ਼ਰਚ ਹੋ ਰਹੇ ਹਨ, ਤਾਂ ਹਸਪਤਾਲ ਦੇ ਓਪੀਡੀ ਹਾਲ ਦੀਆਂ ਛੱਤਾਂ (ਫਾਲਸ ਸੀਲਿੰਗ) ਕਿਉਂ ਟੁੱਟ ਰਹੀਆਂ ਹਨ ਅਤੇ ਸ਼ੈੱਡ ਕਿਉਂ ਫਟੇ ਹੋਏ ਹਨ? ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਮੰਗਾਂ ਰੱਖੀਆਂ -ਸੰਗਰੂਰ ਪੀਜੀਆਈ ਵਿੱਚ ਮਾਹਿਰ ਡਾਕਟਰਾਂ ਅਤੇ ਸਟਾਫ਼ ਦੀ ਗਿਣਤੀ ਤੁਰੰਤ ਵਧਾਈ ਜਾਵੇ। -ਬਲੱਡ ਬੈਂਕ ਅਤੇ 24 ਘੰਟੇ ਐਮਰਜੈਂਸੀ ਸੇਵਾਵਾਂ ਯੁੱਧ ਪੱਧਰ ਤੇ ਸ਼ੁਰੂ ਕੀਤੀਆਂ ਜਾਣ। -ਸਿਰਫ਼ ਬੈੱਡਾਂ ਦੀ ਗਿਣਤੀ ਗਿਣਾਉਣ ਦੀ ਬਜਾਏ, ਇਲਾਜ ਦੀਆਂ ਆਧੁਨਿਕ ਮਸ਼ੀਨਾਂ ਅਤੇ ਲੈਬਾਂ ਸਥਾਪਿਤ ਕੀਤੀਆਂ ਜਾਣ। -ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸੰਗਰੂਰ ਸੈਂਟਰ ਦੀ ਹਾਲਤ ਵਿੱਚ ਸੁਧਾਰ ਨਾ ਹੋਇਆ ਅਤੇ ਕਾਗਜ਼ੀ ਬਿਆਨਬਾਜ਼ੀ ਬੰਦ ਨਾ ਕੀਤੀ ਗਈ, ਤਾਂ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਇੱਕ ਵੱਡਾ ਜਨ-ਅੰਦੋਲਨ ਵਿੱਢਿਆ ਜਾਵੇਗਾ ਅਤੇ ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੂੰ ਵੀ ਸ਼ਿਕਾਇਤ ਭੇਜੀ ਜਾਵੇਗੀ।