ਸੂਬੇ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ: ਕੁਲਜੀਤ ਸਿੰਘ ਨਾਗਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਉਹ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਬੇਤਾਬ ਹਨ। ਇਹ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਬਲਾਕ ਸਰਹਿੰਦ ਦੇ ਪਿੰਡ ਸਰਾਣਾ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰ ਵਰਗ ਕਿਸਾਨ, ਮਜ਼ਦੂਰ, ਵਪਾਰੀ ਅਤੇ ਨੌਜਵਾਨ ਆਪਣੇ ਹੱਕਾਂ ਲਈ ਆਵਾਜ਼ ਉਠਾ ਰਿਹਾ ਹੈ। ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੋਰਚੇ ’ਤੇ ਫੇਲ੍ਹ ਸਾਬਤ ਹੋਈ ਹੈ। ਕਾਨੂੰਨ-ਵਿਵਸਥਾ ਦੀ ਸਥਿਤੀ ਦਿਨੋ-ਦਿਨ ਖ਼ਰਾਬ ਹੋ ਰਹੀ ਹੈ, ਨਸ਼ਿਆਂ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਬੇਰੁਜ਼ਗਾਰੀ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਸਿਰਫ਼ ਵਾਅਦੇ ਕਰਨ ਤੱਕ ਸੀਮਿਤ ਰਹਿ ਗਈ ਹੈ, ਜ਼ਮੀਨੀ ਹਕੀਕਤ ਵਿਚ ਕੋਈ ਸੁਧਾਰ ਨਹੀਂ ਆਇਆ। ਉਨ੍ਹਾਂ ਕੇਂਦਰ ਸਰਕਾਰ ’ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਨਾਲ ਸੌਤੇਲਾ ਵਤੀਰਾ ਆਪਣਾਇਆ ਜਾ ਰਿਹਾ ਹੈ। ਕਿਸਾਨਾਂ ਦੇ ਮੁੱਦਿਆਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ ਅਤੇ ਰਾਜ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਦੋਵੇਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਆਮ ਲੋਕ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ’ਤੇ ਸਿਰਫ਼ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਜ਼ਮੀਨ ’ਤੇ ਹਕੀਕਤ ਬਿਲਕੁਲ ਵੱਖਰੀ ਹੈ। ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਅਤੇ ਸ਼ਹਿਰਾਂ ਵਿਚ ਵੀ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਕੋਈ ਪ੍ਰੋਤਸਾਹਨ ਨਹੀਂ ਮਿਲ ਰਿਹਾ, ਜਿਸ ਨਾਲ ਆਰਥਿਕ ਹਾਲਤ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਅਤੇ ਹੁਣ ਉਹ ਮੁੜ ਉਸੇ ਤਰੱਕੀ ਵਾਲੇ ਦੌਰ ਨੂੰ ਲਿਆਉਣ ਲਈ ਕਾਂਗਰਸ ਦਾ ਸਾਥ ਦੇਣ ਲਈ ਤਿਆਰ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਸੋਚ-ਸਮਝ ਕੇ ਵੋਟ ਪਾਉਣ ਅਤੇ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਕਾਂਗਰਸ ਪਾਰਟੀ ਨੂੰ ਜਿਤਾਉਣ। ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਰਣਬੀਰ ਸਿੰਘ ਹੈਪੀ, ਧਰਮਿੰਦਰ ਸਿੰਘ ਗੋਰਖਾ, ਮਨਜੀਤ ਸਿੰਘ, ਬਹਾਦਰ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸਿੰਘ ਲੱਖੀ, ਹਰਬੰਸ ਸਿੰਘ, ਬਲਵੀਰ ਸਿੰਘ, ਸਤਿਗੁਰੂ ਸਿੰਘ, ਜਸਪਾਲ ਸਿੰਘ, ਤਰਨਪ੍ਰੀਤ ਸਿੰਘ, ਸੁਖਵਿੰਦਰ ਸੈਲੀ, ਹਰਵਿੰਦਰ ਸਿੰਘ, ਬੇਅੰਤ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਸਿੰਘ, ਰੋਹੀ ਰਾਮ, ਕਰਮ ਸਿੰਘ, ਕੁਲਵੰਤ ਸਿੰਘ, ਯਾਦਵਿੰਦਰ ਸਿੰਘ, ਲੱਖਾ ਧਤੌਦਾ, ਕਾਲਾ ਧਤੌਦਾ, ਸਿਪੀ ਸਰਾਣਾ, ਰਾਜੂ ਸਿੰਘ, ਕੁਲਦੀਪ ਸਿੰਘ, ਨਿਸਾਨ ਸਿੰਘ, ਗੁਰਦੀਪ ਸਿੰਘ, ਨਰੰਜਣ ਸਿੰਘ, ਪ੍ਰੇਮ ਸਿੰਘ, ਗੁਰਵਰਿੰਦਰ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ ਆਦਿ ਮੌਜੂਦ ਸਨ।