ਪਿੰਡ ਬੇਨੜਾ ਦੇ ਲੋਕਾਂ ਨੇ ਕੀਤਾ ਡੀਸੀ ਦਫਤਰ ’ਚ ਸ਼ਾਂਤਮਈ ਪ੍ਰਦਰਸ਼ਨ
ਪਿੰਡ ਬੇਨੜਾ ਦੇ ਲੋਕਾਂ ਨੇ ਕੀਤਾ ਡੀਸੀ ਦਫਤਰ ’ਚ ਸ਼ਾਂਤਮਈ ਪ੍ਰਦਰਸ਼ਨ
Publish Date: Thu, 21 May 2026 03:45 PM (IST)
Updated Date: Fri, 22 May 2026 04:01 AM (IST)

ਪ੍ਰਾਇਮਰੀ ਸਕੂਲ ਨੂੰ ਖੁੱਲੀ ਥਾਂ ’ਤੇ ਬਣਾਉਣ ਦੀ ਕੀਤੀ ਮੰਗ ਧਰਮਸ਼ਾਲਾ ’ਚ ਚੱਲ ਰਿਹਾ ਸਕੂਲ, ਤੰਗ ਥਾਂ ਤੇ ਨਾ ਕੋਈ ਸਹੂਲਤ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿੰਡ ਬੇਨੜਾ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਬੱਚੇ ਇੱਕ ਧਰਮਸ਼ਾਲਾ ਵਿੱਚ ਪੜ੍ਹਨ ਲਈ ਮਜਬੂਰ ਹਨ, ਜਿੱਥੇ ਨਾ ਕੇਵਲ ਥਾਂ ਦੀ ਕਮੀ ਹੈ, ਬਲਕਿ ਕੋਈ ਹੋਰ ਚੰਗੀ ਸਹੂਲਤ ਵੀ ਨਹੀਂ ਹੈ। ਵੀਰਵਾਰ ਨੂੰ ਪਿੰਡ ਵਾਸੀਆਂ ਨੇ ਡੀਸੀ ਦਫ਼ਤਰ ਪੁੱਜ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ। ਸਤਿਗੁਰ ਰਵਿਦਾਸ, ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਪਿੰਡ ਬੇਨੜਾ ਦੇ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਰਾਮ ਸਿੰਘ ਨੇ ਕਿਹਾ ਕਿ ਸਾਲ 1973 ਵਿਚ ਬਣਿਆ ਸਰਕਾਰੀ ਪ੍ਰਾਇਮਰੀ ਸਕੂਲ ਇਕ ਸਾਲ ਪਹਿਲਾਂ ਅਨਸੇਫ ਘੋਸ਼ਿਤ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਨਿੱਕੇ ਬੱਚੇ ਧਰਮਸ਼ਾਲਾ ਵਿਚ ਪੜ੍ਹਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਬੱਚਿਆਂ ਲਈ ਨਾ ਢੰਗ ਦੀ ਬੈਠਕ ਹੈ, ਨਾ ਸੁਰੱਖਿਆ ਤੇ ਨਾ ਹੀ ਸਿੱਖਿਆ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਹਨ। ਸਾਬਕਾ ਬਲਾਕ ਸੰਮਤੀ ਮੈਂਬਰ ਦਰਬਾਰ ਸਿੰਘ ਤੇ ਸਾਬਕਾ ਫੌ਼ਜੀ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਪਿਛਲੇ 52 ਦਿਨਾਂ ਤੋਂ ਸ਼ਾਂਤਮਈ ਸੰਘਰਸ਼ ਤੇ ਭੁੱਖ ਹੜਤਾਲ ਰਾਹੀਂ ਮੰਗ ਕਰ ਰਹੇ ਹਨ ਕਿ 9 ਵਿਘੇ ਸ਼ਾਮਲਾਤ ਜ਼ਮੀਨ ਵਿੱਚੋਂ ਤਿੰਨ ਵਿਘਿਆਂ ਵਿੱਚ ਸਮਾਜਿਕ ਤੇ ਧਾਰਮਿਕ ਸਮਾਗਮਾਂ ਲਈ ਅੰਬੇਡਕਰ ਭਵਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਦਲਿਤ ਮਜ਼ਦੂਰ ਜਦੋਂ ਆਪਣੇ ਧਾਰਮਿਕ ਤੇ ਸਮਾਜਿਕ ਸਮਾਗਮ ਕਰਦੇ ਹਨ ਤਾਂ ਉਨ੍ਹਾਂ ਨੂੰ ਸੜਕ ਉੱਪਰ ਟੈਂਟ ਲਾਉਣਾ ਪੈਂਦਾ ਹੈ, ਜਿਸ ਨਾਲ ਸਕੂਲ ਬੱਸਾਂ ਤੇ ਹੋਰ ਟ੍ਰੈਫਿਕ ਨੂੰ ਵਿਘਨ ਪੈਂਦਾ ਹੈ। ਇਸ ਲਈ ਅੰਬੇਡਕਰ ਭਵਨ ਦੀ ਬਹੁਤ ਜ਼ਰੂਰੀ ਲੋੜ ਹੈ। ਮੀਤ ਪ੍ਰਧਾਨ ਹਰਦੀਪ ਸਿੰਘ ਬੇਨੜਾ ਤੇ ਕਾਰਜਕਾਰੀ ਮੈਂਬਰ ਸਤਿਗੁਰ ਸਿੰਘ ਨੇ ਕਿਹਾ ਕਿ ਇਕ ਮਿਆਰੀ ਪ੍ਰਾਇਮਰੀ ਸਕੂਲ ਲਈ ਵੱਡੇ ਕਲਾਸ ਰੂਮ, ਲਾਇਬ੍ਰੇਰੀ, ਮਿਡ-ਡੇ ਮੀਲ ਲਈ ਰਸੋਈ, ਵੱਖਰੇ ਬਾਥਰੂਮ ਤੇ ਖੇਡ ਮੈਦਾਨ ਵਰਗੀਆਂ ਸਹੂਲਤਾਂ ਲਾਜ਼ਮੀ ਹਨ, ਜੋ 7 ਵਿਸਵਿਆਂ ਦੀ ਤੰਗ ਥਾਂ ’ਚ ਸੰਭਵ ਨਹੀਂ ਹਨ। ਇਸ ਲਈ ਬੱਚਿਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਸ਼ਾਸਨ ਨੂੰ ਖੁੱਲ੍ਹੀ ਥਾਂ ’ਚ ਸਕੂਲ ਬਣਾਉਣ ਦਾ ਫੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਿੰਡ ਦੇ ਗਰੀਬ ਤੇ ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਨਾਲ ਇਨਸਾਫ਼ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 28 ਮਈ ਨੂੰ ਡੀਸੀ ਸੰਗਰੂਰ ਅੱਗੇ ਵਿਸ਼ਾਲ ਧਰਨਾ ਵੀ ਦਿੱਤਾ ਜਾਵੇਗਾ। ਇਸ ਮੌਕੇ ਗੁਰਸੰਗਤ ਦੇ ਆਗੂ ਸਹਾਇਕ ਸਕੱਤਰ ਮਿਸਤਰੀ ਰਾਮ ਸਿੰਘ, ਸਤਿਗੁਰ ਸਿੰਘ, ਲਖਵਿੰਦਰ ਸਿੰਘ, ਭਿੰਦਰ ਸਿੰਘ, ਜਗਸੀਰ ਸਿੰਘ, ਵਿੱਕੀ ਸਿੰਘ, ਮਨਪ੍ਰੀਤ ਸਿੰਘ, ਨਿੰਦਰ ਸਿੰਘ, ਮਿਸਤਰੀ ਜਗਤਾਰ ਸਿੰਘ ਤਾਰੀ ਹਾਜ਼ਰ ਸਨ।