ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਤੋਂ ਬਾਅਦ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
Publish Date: Thu, 07 May 2026 07:41 PM (IST)
Updated Date: Fri, 08 May 2026 04:18 AM (IST)

ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਤੋਂ ਬਾਅਦ ਨਹੀਂ ਕੀਤੀ ਮੁਰੰਮਤ ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਸ਼ਹਿਰ ’ਚ ਕੁਝ ਮਹੀਨੇ ਪਹਿਲਾਂ ਵਾਟਰ ਸਪਲਾਈ ਵਿਭਾਗ ਵੱਲੋਂ ਅੰਡਰਗਰਾਊਂਡ ਪਾਈਪਾਂ ਪਾਈਆਂ ਗਈਆਂ ਸਨ ਪਰ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁੱਟੀਆਂ ਗਈਆਂ ਸੜਕਾਂ ਅਤੇ ਟੋਏ ਭਰੇ ਨਹੀਂ ਗਏ। ਇਸ ਕਾਰਨ ਇੱਥੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਐਚਡੀਐਫਸੀ ਬੈਂਕ, ਨਾਭਾ ਰੋਡ, ਖੰਨਾ ਰੋਡ ਅਤੇ ਮੰਡੀ ਗੋਬਿੰਦਗੜ੍ਹ ਰੋਡ ਦੇ ਸਾਹਮਣੇ ਪਾਈਪ ਲਾਈਨ ਪਾਉਣ ਲਈ ਮੰਡੀ ਗੋਬਿੰਦਗੜ੍ਹ ਤੋਂ ਨਾਭਾ ਜਾਣ ਵਾਲੀ ਮੇਨ ਸੜਕ ਪੱਟੀ ਗਈ ਸੀ, ਜਿਸ ਨੂੰ ਸ਼ਡਿਊਲ ਰੋਡ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਮਾਰਗ ’ਤੇ ਹਰ ਸਮੇਂ ਭਾਰੀ ਆਵਾਜਾਈ ਰਹਿੰਦੀ ਹੈ ਪਰ ਚਾਰ ਮਹੀਨੇ ਬੀਤਣ ਦੇ ਬਾਵਜੂਦ ਨਾ ਵਾਟਰ ਸਪਲਾਈ, ਨਾ ਪੀਡਬਲਯੂਡੀ ਅਤੇ ਨਾ ਹੀ ਨਗਰ ਕੌਂਸਲ ਵੱਲੋਂ ਇਸ ਵੱਲ ਕੋਈ ਧਿਆਨ ਦਿੱਤਾ ਗਿਆ ਹੈ। ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗਰਗ ਨੇ ਕਿਹਾ ਕਿ ਇਹ ਮਾਮਲਾ ਕਈ ਵਾਰ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਪਰ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਜਦੋਂ ਇਸ ਸਬੰਧੀ ਪੀਡਬਲਯੂਡੀ ਦੇ ਐਸਡੀਓ ਰਾਜਪਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਈਪ ਲਾਈਨ ਪਾਉਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਵਾਟਰ ਸਪਲਾਈ ਵਿਭਾਗ ਦੀ ਹੈ। ਦੂਜੇ ਪਾਸੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਰੋਡ ਕਟਿੰਗ ਦੀ ਪੇਮੈਂਟ ਪੀਡਬਲਯੂਡੀ ਵਿਭਾਗ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ, ਇਸ ਲਈ ਮੁਰੰਮਤ ਪੀਡਬਲਯੂਡੀ ਨੇ ਕਰਨੀ ਹੈ। ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਮਹਿਕਮਿਆਂ ਦਾ ਆਪਸੀ ਤਾਲਮੇਲ ਕਰਵਾ ਕੇ ਸੜਕ ਦੀ ਜਲਦ ਮੁਰੰਮਤ ਕਰਵਾਈ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।