ਝੋਨੇ ਦੇ ਸੀਜ਼ਨ ਦੌਰਾਨ ਮਿਲੇਗੀ ਨਿਰਵਿਘਨ ਸਪਲਾਈ
ਪੰਜਾਬ ਪੇਜ ਲਈ - ਝੋਨੇ ਦੇ ਸੀਜ਼ਨ ਦੌਰਾਨ ਮਿਲੇਗੀ ਨਿਰਵਿਘਨ ਸਪਲਾਈ : ਸੁਖਜੀਤ ਸਿੰਘ ਐਸਈ ਖੰਨਾ
Publish Date: Thu, 07 May 2026 07:22 PM (IST)
Updated Date: Fri, 08 May 2026 04:15 AM (IST)

ਸਟਾਫ ਦੀ ਕਮੀ ਹੋਈ ਦੂਰ ਹੁਣ ਸ਼ਿਕਾਇਤ ਮਿਲਣ ’ਤੇ ਮਹਿਜ਼ ਦੋ ਘੰਟਿਆਂ ’ਚ ਠੀਕ ਹੋਵੇਗਾ ਨੁਕਸ ਬ੍ਰਿਜ ਭੂਸ਼ਣ ਗਰਗ, ਪੰਜਾਬੀ ਜਾਗਰਣ, ਅਮਲੋਹ : ਪਾਵਰਕਾਮ ਦੇ ਐਡੀਸ਼ਨਲ ਚੀਫ ਇੰਜੀਨੀਅਰ ਖੰਨਾ ਸੁਖਜੀਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਵਿਚ ਆਗਾਮੀ ਝੋਨੇ ਦੇ ਸੀਜ਼ਨ ਅਤੇ ਗਰਮੀ ਦੇ ਵਧ ਰਹੇ ਪ੍ਰਕੋਪ ਨੂੰ ਧਿਆਨ ਵਿਚ ਰੱਖਦੇ ਹੋਏ ਪਾਵਰਕੌਮ ਵੱਲੋਂ ਵੰਡ ਸਰਕਲ ਖੰਨਾ ਅਧੀਨ ਆਉਂਦੇ ਖੇਤਰ ਵਿਚ ਬਿਜਲੀ ਸਿਸਟਮ ’ਚ ਵੱਡੇ ਸੁਧਾਰ ਕੀਤੇ ਗਏ ਹਨ ਜਿਨ੍ਹਾਂ ਸਦਕਾ ਇਸ ਵਾਰ ਖਪਤਕਾਰਾਂ ਨੂੰ ਬਿਜਲੀ ਦੀ ਕਿੱਲਤ ਜਾਂ ਵੋਲਟੇਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਵਿਚ ਪੈਣ ਵਾਲੇ ਤਕਨੀਕੀ ਨੁਕਸਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਵਿਭਾਗ ਨੂੰ ਵੱਡੀ ਗਿਣਤੀ ਵਿਚ ਨਵਾਂ ਸਟਾਫ ਮਿਲ ਗਿਆ ਹੈ, ਜਿਸ ਵਿਚ 80 ਨਵੇਂ ਲਾਈਨਮੈਨ, 52 ਕੰਟਰੈਕਟ ਆਧਾਰਿਤ ਲਾਈਨਮੈਨ ਅਤੇ 92 ਅਪ੍ਰੈਂਟਿਸ ਲਾਈਨਮੈਨ ਸ਼ਾਮਲ ਹਨ। ਇਸ ਨਵੇਂ ਸਟਾਫ ਨਾਲ ਹੁਣ ਆਨਲਾਈਨ ਦਰਜ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਮਹਿਜ਼ ਦੋ ਘੰਟਿਆਂ ਦੇ ਅੰਦਰ ਹੱਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਵੰਡ ਪ੍ਰਣਾਲੀ ਦੇ ਬੁਨਿਆਦੀ ਢਾਂਚੇ ਵਿਚ ਕੀਤੇ ਗਏ ਸੁਧਾਰਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸਿਸਟਮ ਨੂੰ ਓਵਰ ਲੋਡ ਹੋਣ ਤੋਂ ਬਚਾਉਣ ਲਈ 14 ਨਵੇਂ ਫੀਡਰ ਚਾਲੂ ਕੀਤੇ ਗਏ ਹਨ ਅਤੇ 52 ਨਵੇਂ ਟ੍ਰਾਂਸਫਾਰਮਰ ਵੱਖ-ਵੱਖ ਥਾਵਾਂ ’ਤੇ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਜਿਨ੍ਹਾਂ 49 ਟ੍ਰਾਂਸਫਾਰਮਰਾਂ ’ਤੇ ਲੋਡ ਜ਼ਿਆਦਾ ਸੀ, ਉਨ੍ਹਾਂ ਦੀ ਥਾਂ ਵੱਡੇ ਟ੍ਰਾਂਸਫਾਰਮਰ ਲਗਾ ਕੇ ਉਨ੍ਹਾਂ ਨੂੰ ਅੰਡਰ ਲੋਡ ਕੀਤਾ ਗਿਆ ਹੈ ਤਾਂ ਜੋ ਬਿਜਲੀ ਸਪਲਾਈ ਦੌਰਾਨ ਕੋਈ ਵਿਘਨ ਨਾ ਪਵੇ। ਉਨ੍ਹਾਂ ਦੱਸਿਆ ਕਿ ਸਿਸਟਮ ਦੀ ਬਿਹਤਰੀ ਲਈ 14 ਨਵੇਂ ਬਰੇਕਰ ਵੀ ਲਗਾਏ ਗਏ ਹਨ। ਐਡੀਸ਼ਨਲ ਚੀਫ ਇੰਜੀਨੀਅਰ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਪੁਖਤਾ ਪ੍ਰਬੰਧਾਂ ਸਦਕਾ ਹਰ ਉਪਭੋਗਤਾ ਨੂੰ ਪੂਰੀ ਵੋਲਟੇਜ ਅਤੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ, ਜਿਸ ਨਾਲ ਲੋਕਾਂ ਨੂੰ ਆਉਣ ਵਾਲੇ ਸੀਜ਼ਨ ਦੌਰਾਨ ਵੱਡੀ ਰਾਹਤ ਮਿਲੇਗੀ।