ਪੰਜਾਬੀ ਯੂਨੀਵਰਸਿਟੀ ’ਚ ਚੱਲਦਾ ਧਰਨਾ ਹੁਣ ‘ਭੁੱਖ ਹੜਤਾਲ’ ’ਚ ਬਦਲਿਆ
ਪੰਜਾਬੀ ਯੂਨੀਵਰਸਿਟੀ ’ਚ ਚੱਲਦਾ ਧਰਨਾ ਹੁਣ ‘ਭੁੱਖ ਹੜਤਾਲ’ ਵਿੱਚ ਬਦਲਿਆ; ਆਰ-ਪਾਰ ਦੀ ਲੜਾਈ ਦਾ ਐਲਾਨ
Publish Date: Fri, 08 May 2026 06:19 PM (IST)
Updated Date: Fri, 08 May 2026 06:20 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਿਛਲੇ ਦਸ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਗੈਰ-ਅਧਿਆਪਨ ਮੁਲਾਜ਼ਮਾਂ ਨੇ ਹੁਣ ਅੰਦੋਲਨ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਕਰਵਾਰ ਨੂੰ ‘ਪੰਜਾਬੀ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀ ਸੰਘ’ ਵੱਲੋਂ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਨਾਲ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਐਲਾਨ ਕੀਤਾ ਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਬੇਰੁਖ਼ੀ ਕਾਰਨ ਇਹ ਸ਼ਾਂਤਮਈ ਧਰਨਾ ਹੁਣ ਲੜੀਵਾਰ ਭੁੱਖ ਹੜਤਾਲ ਵਿੱਚ ਤਬਦੀਲ ਹੋਣ ਜਾ ਰਿਹਾ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆਂ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਇੱਕ ਵੀ ਮੰਗ ਤੇ ਅਮਲ ਨਹੀਂ ਹੋਇਆ। ਇਸ ਵਾਅਦਾ-ਖ਼ਿਲਾਫ਼ੀ ਦੇ ਰੋਸ ਵਜੋਂ ਆਉਂਦੇ ਸੋਮਵਾਰ ਤੋਂ ਯੂਨੀਅਨ ਦੇ ਨੁਮਾਇੰਦੇ ਲੜੀਵਾਰ ਭੁੱਖ ਹੜਤਾਲ ਤੇ ਬੈਠਣਗੇ। ਧਰਨੇ ਵਿਚ ਵੱਡੀ ਗਿਣਤੀ ਵਿਚ ਡੇਲੀਵੇਜ, ਫਿਕਸ ਅਤੇ ਐਡਹਾਕ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਯੂਨੀਅਨ ਦੀ ਮੰਗ ਹੈ ਕਿ ਮੁਲਾਜ਼ਮਾਂ ਦੀ ਮਹੀਨਾਵਾਰ ਤਨਖਾਹ ਲਈ ਇੱਕ ਪੱਕੀ ਤਾਰੀਖ ਨਿਰਧਾਰਤ ਕੀਤੀ ਜਾਵੇ। 10 ਸਾਲ ਤੋਂ ਵੱਧ ਦੀ ਸੇਵਾ ਨਿਭਾ ਚੁੱਕੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਡੇਲੀਵੇਜਿਸ ਅਤੇ ਫਿਕਸ ਆਧਾਰਿਤ ਮੁਲਾਜ਼ਮਾਂ ਨੂੰ ਵਰਕਚਾਰਜ/ਐਡਹਾਕ ਵਜੋਂ ਪ੍ਰਮੋਟ ਕੀਤਾ ਜਾਵੇ। ਇਸ ਤੋਂ ਇਲਾਵਾ ਸੀ-ਕਲਾਸ ਤੋਂ ਬੀ-ਕਲਾਸ ਲਈ ਟਾਈਪ ਟੈਸਟ ਅਤੇ ਟੈਕਨੀਕਲ ਸਟਾਫ ਦੀਆਂ ਤਰੱਕੀਆਂ ਜਲਦ ਨੇਪਰੇ ਚਾੜ੍ਹੀਆਂ ਜਾਣ। ਉਸਾਰੀ ਅਤੇ ਹਾਰਟੀਕਲਚਰ ਵਿਭਾਗ ਦੇ ਮੁਲਾਜ਼ਮਾਂ ਨੂੰ ਟੈਕਨੀਕਲ ਗ੍ਰੇਡ ਅਤੇ ਵਿਸ਼ੇਸ਼ ਭੱਤੇ ਦਿੱਤੇ ਜਾਣ। ਨਾਲ ਹੀ, ਰਿਟਾਇਰਮੈਂਟ ਸਮੇਂ ਲੀਵ ਇਨਕੈਸ਼ਮੈਂਟ ਅਤੇ ਗ੍ਰੈਚੂਟੀ ਦੇ ਲਾਭ ਯਕੀਨੀ ਬਣਾਉਣ ਲਈ ਪਿਛਲੀ ਸਰਵਿਸ ਨੂੰ ਰਿਕਾਰਡ ਵਿਚ ਜੋੜਿਆ ਜਾਵੇ। ਇਸ ਮੌਕੇ ਨਵਦੀਪ ਸਿੰਘ ਚਾਨੀ (ਮੀਤ ਪ੍ਰਧਾਨ), ਜਗਤਾਰ ਸਿੰਘ ਸੈਣੀ (ਜਨਰਲ ਸਕੱਤਰ), ਸੰਦੀਪ ਸਿੰਘ (ਸਕੱਤਰ), ਅਤੇ ਸ਼ਰਨਦੀਪ ਕੌਰ (ਸਹਾਇਕ ਸਕੱਤਰ) ਸਮੇਤ ਮੋਹਨ ਪੰਜੋਲਾ, ਇੰਦੂ ਬਾਲਾ, ਸੰਜੀਵ, ਅਨਿਲ ਕੁਮਾਰ, ਮਨਦੀਪ ਸਿੰਘ ਚਹਿਲ ਅਤੇ ਧਰਮਿੰਦਰ ਸਿੰਘ ਪੰਨੂ ਵਰਗੇ ਆਗੂਆਂ ਨੇ ਸੰਬੋਧਨ ਕਰਦਿਆਂ ਮੁਲਾਜ਼ਮ ਏਕਤਾ ਦਾ ਨਾਅਰਾ ਬੁਲੰਦ ਕੀਤਾ।