ਵੈਲਡਿੰਗ ਨਾਲ ਧਾਤਾਂ ਜੋੜਨ ਦੀ ਨਵੀਂ ਤਕਨੀਕ ਕੀਤੀ ਵਿਕਸਿਤ
ਪੰਜਾਬੀ ਯੂਨੀਵਰਸਿਟੀ ਦੀ ਤਾਜ਼ਾ ਖੋਜ ਰਾਹੀਂ ਵੈਲਡਿੰਗ ਨਾਲ਼ ਧਾਤਾਂ ਜੋੜਨ ਦੀ ਨਵੀਂ ਤਕਨੀਕ ਕੀਤੀ ਵਿਕਸਿਤ
Publish Date: Sun, 10 May 2026 04:34 PM (IST)
Updated Date: Sun, 10 May 2026 04:36 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇਕ ਤਾਜ਼ਾ ਖੋਜ ਰਾਹੀਂ ਵੈਲਡਿੰਗ ਨਾਲ ਧਾਤਾਂ ਜੋੜਨ ਦੀ ਇਕ ਅਹਿਮ ਤਕਨੀਕ ਵਿਕਸਿਤ ਗਈ ਹੈ। ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਖੇ ਖੋਜਾਰਥੀ ਡਾ. ਡੀ.ਐੱਸ. ਸਹੋਤਾ ਨੇ ਪੰਜਾਬੀ ਯੂਨੀਵਰਸਿਟੀ ਤੋਂ ਨਿਗਰਾਨ ਡਾ. ਵਿਨੋਦ ਕੁਮਾਰ ਤੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਤੋਂ ਸਹਿ-ਨਿਗਰਾਨ ਡਾ. ਅਮਿਤ ਬਾਂਸਲ ਦੀ ਅਗਵਾਈ ਵਿਚ ਕੀਤੀ ਇਸ ਖੋਜ ਰਾਹੀਂ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਦੀ ਵਰਤੋਂ ਨਾਲ ਵੈਲਡਿੰਗ ਦਾ ਇਕ ਨਵਾਂ ਢੰਗ ਵਿਕਸਿਤ ਕੀਤਾ ਹੈ, ਜੋ ਵੱਖ-ਵੱਖ ਧਾਤ ਸਮੱਗਰੀ ਨੂੰ ਵੈਲਡਿੰਗ ਕਰਨ ਦੀ ਪ੍ਰਕਿਰਿਆ ’ਚ ਅਹਿਮ ਯੋਗਦਾਨ ਪਾ ਸਕਦਾ ਹੈ। ਖੋਜਾਰਥੀ ਡਾ. ਡੀ.ਐੱਸ ਸਹੋਤਾ ਨੇ ਦੱਸਿਆ ਕਿ ਇਸ ਖੋਜ ਰਾਹੀਂ ਪਹਿਲੀ ਵਾਰ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਦੀ ਵਰਤੋਂ ਕਰਦਿਆਂ ਉਸ ਤੋਂ ਧਾਤ ਦੇ ਵੈਲਡਿੰਗ ਦਾ ਕੰਮ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੈਲਡਿੰਗ ਇਕ ਅਜਿਹਾ ਖੇਤਰ ਹੈ ਜੋ ਆਮ ਤੌਰ 'ਤੇ ਧਾਤਾਂ ਦੀ ਪ੍ਰਤੀਬਿੰਬੀ ਪ੍ਰਕਿਰਤੀ ਕਾਰਨ ਆਮ ਕਮਰੇ ਦੇ ਤਾਪਮਾਨ 'ਤੇ ਹਮੇਸ਼ਾ ਚੁਣੌਤੀਪੂਰਨ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮਾਈਕ੍ਰੋਵੇਵ ਊਰਜਾ ਨਾਲ ਅਣੂ ਪੱਧਰ 'ਤੇ ਹੀ ਅੰਦਰੂਨੀ ਤੌਰ 'ਤੇ ਗਰਮੀ ਪੈਦਾ ਹੁੰਦੀ ਹੈ। ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ ਖੋਜ ਰਾਹੀਂ ਇਹ ਸਾਹਮਣੇ ਆਇਆ ਕਿ ਮਾਈਕ੍ਰੋਵੇਵ ਰੇਡੀਏਸ਼ਨ ਨਾਲ ਧਾਤ ਗਰਮ ਕਰਨ 'ਤੇ 10 ਤੋਂ 100 ਗੁਣਾ ਘੱਟ ਊਰਜਾ ਦੀ ਵਰਤੋਂ ਹੁੰਦੀ ਹੈ ਅਤੇ 10 ਤੋਂ 200 ਗੁਣਾ ਘੱਟ ਸਮਾਂ ਲੱਗਦਾ ਹੈ। ਇਸ ਖੋਜ ਵਿਚ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਸਟੇਨਲੈਸ ਸਟੀਲ ਗਰੇਡ, ਫੈਰਿਟਿਕ ਸਟੇਨਲੈਸ ਸਟੀਲ (ਐੱਫ. ਐੱਸ. ਐੱਸ.-430) ਅਤੇ ਔਸਟੇਨਾਈਟ ਸਟੇਨਲੈਸ ਸਟੀਲ (SS-316ਐੱਲ) ਨੂੰ ਸਫਲਤਾਪੂਰਵਕ ਜੋੜਿਆ ਗਿਆ। ਇਹ ਸਫਲਤਾ ਇੱਕੋ ਧਾਤ ਦੇ ਟੁਕੜਿਆਂ ਦੇ ਆਪਸੀ ਜੋੜ ਲਗਾਉਣ ਤੋਂ ਇਲਾਵਾ ਵੱਖ-ਵੱਖ ਧਾਤਾਂ ਦੇ ਟੁਕੜਿਆਂ ਦੇ ਜੋੜ ਲਗਾਉਣ ਵਿਚ ਵੀ ਵੇਖਣ ਨੂੰ ਮਿਲੀ। ਡਾ. ਅਮਿਤ ਬਾਂਸਲ ਨੇ ਦੱਸਿਆ ਕਿ ਵੱਖ-ਵੱਖ ਵਿਸ਼ਲੇਸ਼ਣਾਂ ਉਪਰੰਤ ਇਸ ਖੋਜ ਨੇ ਸਾਬਤ ਕੀਤਾ ਹੈ ਕਿ ਮਾਈਕ੍ਰੋਵੇਵ ਹਾਈਬ੍ਰਿਡ ਹੀਟਿੰਗ ਤਕਨੀਕ ਧਾਤੂ ਸਮੱਗਰੀਆਂ ਨੂੰ ਮਜ਼ਬੂਤੀ ਤੇ ਭਰੋਸੇਯੋਗਤਾ ਨਾਲ ਜੋੜਨ ਲਈ ਇਕ ਪ੍ਰਭਾਵਸ਼ਾਲੀ ਢੰਗ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਤੇ ਅਗਵਾਈ ਟੀਮ ਨੂੰ ਵਧਾਈ ਦਿੰਦਿਆਂ ਖੋਜ ਦੀ ਪ੍ਰਸ਼ੰਸ਼ਾ ਕੀਤੀ।