ਪੀਏਯੂ ਮਾਹਿਰਾਂ ਵੱਲੋਂ ਖਰਬੂਜ਼ਾ ਅਤੇ ਤਰਬੂਜ਼ ਦੀਆਂ ਫਸਲਾਂ ਦਾ ਸਰਵੇਖਣ
ਪੀਏਯੂ ਮਾਹਿਰਾਂ ਵੱਲੋਂ ਖਰਬੂਜ਼ਾ ਅਤੇ ਤਰਬੂਜ਼ ਦੀਆਂ ਫਸਲਾਂ ਦਾ ਸਰਵੇਖਣ
Publish Date: Tue, 12 May 2026 04:16 PM (IST)
Updated Date: Tue, 12 May 2026 04:18 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਮਾਹਿਰਾਂ ਦੀ ਟੀਮ ਵੱਲੋਂ ਐਸਏਐਸ ਨਗਰ (ਮੋਹਾਲੀ) ਅਤੇ ਪਟਿਆਲਾ ਦੇ ਪਿੰਡਾਂ ਵਿਚ ਖਰਬੂਜ਼ੇ ਅਤੇ ਤਰਬੂਜ਼ ਦੀਆਂ ਫਸਲਾਂ ਦਾ ਸਰਵੇਖਣ ਕੀਤਾ। ਮਾਹਿਰ ਟੀਮ ਵਿਚ ਪੀਏਯੂ ਦੇ ਪੌਦਾ ਰੋਗ ਵਿਗਿਆਨ ਅਤੇ ਸਬਜ਼ੀ ਵਿਗਿਆਨ ਵਿਭਾਗਾਂ ਦੇ ਵਿਗਿਆਨੀਆਂ ਦੇ ਨਾਲ-ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਅਤੇ ਫਾਰਮ ਸਲਾਹਕਾਰ ਕੇਂਦਰ ਪਟਿਆਲਾ ਤੇ ਮੋਹਾਲੀ ਦੇ ਅਧਿਕਾਰੀ ਵੀ ਮੌਜੂਦ ਸਨ। ਸਰਵੇਖਣ ਦੌਰਾਨ ਟੀਮ ਨੇ ਵੇਖਿਆ ਕਿ ਜ਼ਿਆਦਾਤਰ ਕਿਸਾਨਾਂ ਨੇ ਖਰਬੂਜ਼ੇ ਦੀਆਂ ਹਾਈਬ੍ਰਿਡ ਕਿਸਮਾਂ ਨੂੰ ਬੈੱਡਾਂ ’ਤੇ ਪੌਲੀਥੀਨ ਮਲਚ ਹੇਠ ਬੀਜਿਆ ਹੋਇਆ ਸੀ ਪਰੰਤੂ ਭਾਰੀ ਮਿੱਟੀ ਅਤੇ ਪਾਣੀ ਦੀ ਘੱਟ ਨਿਕਾਸੀ ਕਰਕੇ ਵੇਲਾਂ ਦੇ ਮੁਰਝਾਉਣ ਦੀ ਸਮੱਸਿਆ ਆ ਗਈ ਸੀ। ਵਿਗਿਆਨੀਆਂ ਨੇ ਖਰਬੂਜ਼ੇ ਦੀ ਫਸਲ ਵਿੱਚ ਪੀਲੇ ਧੱਬਿਆਂ ਦੇ ਰੋਗ (ਡਾਊਨੀ ਮਿਲਡੀਉ) ਅਤੇ ਚਿੱਟਾ ਰੋਗ (ਪਾਊਡਰੀ ਮਿਲਡੀਉ) ਦਾ ਘੱਟ ਤੋਂ ਦਰਮਿਆਨਾ ਪ੍ਰਕੋਪ ਵੀ ਦੇਖਿਆ। ਮਾਹਿਰਾਂ ਨੇ ਕਿਸਾਨਾਂ ਨੂੰ ਰੋਗਾਂ ਦੇ ਫੈਲਾਅ ਨੂੰ ਘਟਾਉਣ ਲਈ ਸਰਵਪੱਖੀ ਰੋਗ ਪ੍ਰਬੰਧਨ ਅਤੇ ਨਦੀਨਾਂ ਦੀ ਸਹੀ ਸੰਭਾਲ ਅਪਣਾਉਣ ਦੀ ਸਲਾਹ ਦਿੱਤੀ। ਕਿਸਾਨਾਂ ਨੂੰ ਸਿੰਚਾਈ ਹਲਕੀ ਕਰਨ ਅਤੇ ਪਾਣੀ ਖੜ੍ਹਾ ਹੋਣ ਵਾਲੀ ਥਾਂ ’ਤੇ ਮਲਚ ਸੀਟਾਂ ਵਿਚ ਛੇਕ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ, ਤਾਂ ਜੋ ਜੜ੍ਹਾਂ ਦੇ ਆਲੇ-ਦੁਆਲੇ ਮਿੱਟੀ ਹਵਾਹਾਰੀ ਬਣੀ ਰਹੇ। ਇਸ ਤੋਂ ਇਲਾਵਾ ਤਰਬੂਜ਼ ਦੀ ਫਸਲ ਆਮ ਤੌਰ ‘ਤੇ ਤੰਦਰੁਸਤ ਪਾਈ ਗਈ ਅਤੇ ਰੋਗਾਂ ਦਾ ਪ੍ਰਕੋਪ ਬਹੁਤ ਘੱਟ ਦੇਖਿਆ ਗਿਆ। ਪੀਏਯੂ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਸਹੀ ਸਿੰਚਾਈ ਪ੍ਰਬੰਧਨ, ਬਿਹਤਰ ਨਿਕਾਸੀ, ਸਮੇਂ-ਸਿਰ ਰੋਗ ਦੀ ਨਿਗਰਾਨੀ ਅਤੇ ਸਰਵਪੱਖੀ ਫਸਲ ਪ੍ਰਬੰਧਨ ਤਰੀਕੇ ਕੱਦੂ ਵਰਗੀਆਂ ਫਸਲਾਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹਨ।