ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਸਥਾਨਕ ਗੰਗਾ ਰਾਮ ਧਰਮਸ਼ਾਲਾ 'ਤੇ ਕਬਜ਼ਾ ਕਰਨ ਲਈ 15-20 ਹਥਿਆਰਬੰਦ ਵਿਅਕਤੀ ਆਏ। ਵਿਅਕਤੀਆਂ ਨੇ ਧਰਮਸ਼ਾਲਾ ਦਾ ਤਾਲਾ ਤੋੜਿਆ ਅਤੇ ਦੁਕਾਨਦਾਰਾਂ ਵੱਲੋਂ ਰੋਕਣ 'ਤੇ ਧੱਕਾਮੁੱਕੀ ਕੀਤੀ, ਪਰ ਸ਼ਹਿਰਵਾਸੀਆਂ ਦੇ ਇਕੱਠ ਹੋਣ 'ਤੇ ਕਬਜ਼ਾਧਾਰੀ ਉਥੋਂ ਚਲੇ ਗਏ।
ਅਸ਼ਵਿੰਦਰ ਸਿੰਘ, ਬਨੂੜ : ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਸਥਾਨਕ ਗੰਗਾ ਰਾਮ ਧਰਮਸ਼ਾਲਾ 'ਤੇ ਕਬਜ਼ਾ ਕਰਨ ਲਈ 15-20 ਹਥਿਆਰਬੰਦ ਵਿਅਕਤੀ ਆਏ। ਵਿਅਕਤੀਆਂ ਨੇ ਧਰਮਸ਼ਾਲਾ ਦਾ ਤਾਲਾ ਤੋੜਿਆ ਅਤੇ ਦੁਕਾਨਦਾਰਾਂ ਵੱਲੋਂ ਰੋਕਣ 'ਤੇ ਧੱਕਾਮੁੱਕੀ ਕੀਤੀ, ਪਰ ਸ਼ਹਿਰਵਾਸੀਆਂ ਦੇ ਇਕੱਠ ਹੋਣ 'ਤੇ ਕਬਜ਼ਾਧਾਰੀ ਉਥੋਂ ਚਲੇ ਗਏ। ਮਾਹੌਲ ਖਰਾਬ ਹੁੰਦਾ ਵੇਖ ਦੁਕਾਨਦਾਰ ਸਹਿਮ ਗਏ ਤੇ ਦੁਕਾਨਦਾਰਾਂ ਨੇ ਧਰਮਸ਼ਾਲਾ ਦੀਆਂ ਦੁਕਾਨਾਂ ਬੰਦ ਕਰ ਦਿੱਤੀਆ। ਘਟਨਾ ਦਾ ਪਤਾ ਲਗਦੇ ਹੀ ਥਾਣਾ ਮੁੱਖੀ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।
ਦੁਕਾਨਦਾਰਾਂ ਨੇ ਦੱਸਿਆ ਕਿ ਲਾਠੀਆਂ-ਡਾਂਗਾਂ ਨਾਲ ਲੈਸ 15-20 ਵਿਆਕਤੀ ਆਏ ਜਿਨ੍ਹਾਂ ਵਿੱਚ ਕੁਝ ਵਿਆਕਤੀ ਧਰਮਸ਼ਾਲਾ ਦੀ ਦੁਕਾਨਾਂ ਮੂਹਰੇ ਖੜ੍ਹ ਗਏ ਅਤੇ ਕੁਝ ਕੁ ਨੇ ਧਰਮਸ਼ਾਲਾ ਦੇ ਮੁੱਖ ਗੇਟ ਦਾ ਦਰਵਾਜਾ ਤੋੜਕੇ ਅੰਦਰ ਦਖਲ ਹੋ ਗਏ। ਪਤਾ ਲੱਗਣ 'ਤੇ ਧਰਮਸ਼ਾਲਾ ਦੇ ਸਰਪ੍ਰਸਤ ਐਡਵੋਕੇਟ ਕਿਰਨਜੀਤ ਪਾਸੀ ਵੀ ਮੌਕੇ ਆ ਗਏ ਜਿਨ੍ਹਾਂ ਨੇ ਕਬਜ਼ਾਕਾਰੀਆਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਦੀ ਹਮਾਇਤ ਵਿੱਚ ਦੁਕਾਨਦਾਰ ਵੀ ਆ ਗਏ। ਤਕਰਾਰ ਹੋਣ ਤੇ ਬਾਹਰੋਂ ਆਏ ਵਿਅਕਤੀਆਂ ਨੇ ਧੱਕਾਮੁੱਕੀ ਕੀਤੀ ਅਤੇ ਸੁਰਿੰਦਰ ਜੈਨ ਤੇ ਕਿਰਨਜੀਤ ਪਾਸੀ ਦੇ ਲੜਕੇ ਦੇ ਧੱਕੇ ਮਾਰੇ।
ਕਿਰਨਜੀਤ ਪਾਸੀ ਦੇ ਲੜਕੇ ਨੂੰ ਸੱਟ ਵੱਜਣ 'ਤੇ ਸਥਾਨਕ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ। ਘਟਨਾ ਦਾ ਰੌਲਾ ਪੈਣ 'ਤੇ ਬਾਜ਼ਾਰ ਇਕੱਠਾ ਹੋ ਗਿਆ, ਪਾਸੀ ਦਾ ਭਰਾ ਆਪ ਦਾ ਬੁਲਾਰਾ ਐਡ. ਬਿਕਰਮਜੀਤ ਪਾਸੀ ਵੀ ਮੌਕੇ 'ਤੇ ਪਹੁੰਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁੱਖੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਜਿਨ੍ਹਾਂ ਘਟਨਾ ਬਾਰੇ ਜਾਣਕਾਰੀ ਇਕੱਤਰ ਕੀਤੀ।
ਪਾਸੀ ਭਰਾਵਾਂ ਨੇ ਕਿਹਾ ਕਿ ਧਰਮਸ਼ਾਲਾ ਉਨਾਂ ਦੇ ਦਾਦਾ ਗੰਗਾ ਰਾਮ ਪਾਸੀ ਨੇ ਨਗਰ ਕੌਂਸਲ ਦੇ ਸਹਿਯੋਗ ਨਾਲ ਬਣਾਈ ਸੀ। ਜਿਸ ਦੇ ਮੂਹਰੇ ਛੇ ਦੁਕਾਨਾਂ ਹਨ। ਉਨਾਂ ਦੱਸਿਆ ਕਿ ਇਸ ਧਰਮਸ਼ਾਲਾ ਵਾਲੀ ਥਾਂ ਦਾ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਅਤੇ ਨਾ ਹੀ ਇਹ ਕਿਸੇ ਦੀ ਨਿੱਜੀ ਮਲਕੀਅਤ ਹੈ। ਇਹ ਹਮੇਸ਼ਾ ਸਾਂਝੇ ਕੰਮਾਂ ਲਈ ਵਰਤੀ ਜਾਂਦੀ ਹੈ। ਧਰਮਸ਼ਾਲਾ ਵਿੱਚ ਸੱਤ-ਅੱਠ ਕਮਰੇ ਬਣੇ ਹੋਏ ਹਨ ਅਤੇ ਮੂਹਰੇ ਵੱਡਾ ਵਿਹੜਾ ਹੈ। ਇਸ ਵਿੱਚ ਕਾਫੀ ਲੰਮੇਂ ਸਮੇਂ ਤੋਂ ਸਕੂਲ ਚਲਦਾ ਰਿਹਾ ਹੈ। ਉਨਾਂ ਕਿਹਾ ਕਿ ਕੁਝ ਸਮੇਂ ਤੋਂ ਸਿਆਸੀ ਸ਼ਹਿ 'ਤੇ ਕੁਝ ਵਿਅਕਤੀ ਇਸ ਉੱਤੇ ਕਬਜ਼ਾ ਕਰਨਾ ਚਹੁੰਦੇ ਹਨ ਜਿਨ੍ਹਾਂ ਦੀ ਪਹਿਲਾਂ ਵੀ ਥਾਣੇ ਸ਼ਿਕਾਇਤ ਕੀਤੀ ਗਈ ਹੈ।
ਦੂਜੇ ਪਾਸੇ ਕਬਜ਼ਾ ਕਰਨ ਆਈ ਧਿਰ ਦੇ ਇੱਕ ਮੈਂਬਰ ਨੇ ਸ਼ੋਸਲ ਮੀਡੀਆ 'ਤੇ ਲਾਈਵ ਹੋ ਕੇ ਕੁਝ ਵਿਅਕਤੀਆਂ 'ਤੇ ਕਬਜ਼ਾ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਸ਼ਹਿਰ ਦੇ ਹਿੱਤ ਦੀ ਲੜਾਈ ਲੜ ਰਹੇ ਹਨ।
ਥਾਣਾ ਮੁੱਖੀ ਅਕਾਸ਼ਦੀਪ ਸ਼ਰਮਾਂ ਨੇ ਸੰਪਰਕ ਕਰਨ ਤੇ ਦੱਸਿਆ ਕਿ ਧਰਮਸ਼ਾਲਾ ਦੇ ਪ੍ਰਬੰਧ ਲੈ ਕੇ ਕੋਈ ਤਕਰਾਰ ਹੈ। ਉਨਾਂ ਕਿਹਾ ਕਿ ਦੋਹਾਂ ਧਿਰਾਂ ਦੇ ਬਿਆਨ ਲਿਖੇ ਜਾ ਰਹੇ ਹਨ।