Patiala News : ਬੇਕਾਬੂ ਕੰਬਾਈਨ ਦੀ ਲਪੇਟ ’ਚ ਆਉਣ ਨਾਲ ਦੋ ਜਣਿਆਂ ਦੀ ਮੌਤ
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਸੰਗਰੂਰ ਰੋਡ ਕੈਂਚੀਆਂ ਵਿੱਚ ਇੱਕ ਬੇਕਾਬੂ ਹੋਈ ਕੰਬਾਈਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਲੜਕੀ ਅਤੇ ਟੈਂਪੂ ਚਾਲਕ ਫ਼ਲ ਵਿਕਰੇਤਾ ਦੀ ਮੌਤ ਹੋ ਗਈ।
Publish Date: Sun, 12 Apr 2026 07:09 PM (IST)
Updated Date: Sun, 12 Apr 2026 07:12 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਸੰਗਰੂਰ ਰੋਡ ਕੈਂਚੀਆਂ ਵਿੱਚ ਇੱਕ ਬੇਕਾਬੂ ਹੋਈ ਕੰਬਾਈਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਲੜਕੀ ਅਤੇ ਟੈਂਪੂ ਚਾਲਕ ਫ਼ਲ ਵਿਕਰੇਤਾ ਦੀ ਮੌਤ ਹੋ ਗਈ।
ਬਾਅਦ ਦੁਪਹਿਰੇ ਵਾਪਰੇ ਇਸ ਭਿਆਨਕ ਸੜਕ ਹਾਦਸੇ ਦਾ ਪਤਾ ਲੱਗਦਿਆ ਹੀ ਸੜਕ ਸੁਰੱਖਿਆ ਫੋਰਸ ਅਤੇ ਸਿਟੀ ਪੁਲਿਸ ਕਰਮਚਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕੰਬਾਈਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ, ਜਦਕਿ ਕੰਬਾਈਨ ਚਾਲਕ ਮੌਕੇ ਤੋਂ ਫਰਾਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਕੰਬਾਈਨ ਜਦੋਂ ਕੈਂਚੀਆਂ ਤੋਂ ਲੰਘ ਰਹੀ ਸੀ ਤਾਂ ਸੰਗਰੂਰ ਵਾਲੇ ਪਾਸੇ ਮੁੜਦੇ ਸਮੇਂ ਅਚਾਨਕ ਬੇਕਾਬੂ ਹੋ ਗਈ। ਇਸ ਦੌਰਾਨ ਪਿੰਡ ਰਾਏਧਰਾਣਾ ਦੀ ਬੱਸ ਦੇ ਇੰਤਜ਼ਾਰ ਵਿੱਚ ਖੜ੍ਹੀ 17 ਸਾਲਾ ਲੜਕੀ ਰਜਨੀ, ਚੌਕ ’ਚ ਟੈਂਪੂ ’ਤੇ ਖੜ੍ਹ ਕੇ ਫ਼ਲ ਵੇਚ ਰਿਹਾ ਰਜਿੰਦਰ ਕੁਮਾਰ ਤੇ ਇੱਕ ਹੋਰ ਰੇਹੜੀ ਚਾਲਕ ਕੰਬਾਈਨ ਦੀ ਲਪੇਟ ’ਚ ਆ ਗਏ।
ਇਸ ਦੌਰਾਨ ਜਿੱਥੇ ਰਜਿੰਦਰ ਕੁਮਾਰ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਉੱਥੇ ਰਜਨੀ ਨੂੰ ਮੌਕੇ ’ਤੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਰੈਫਰ ਕਰ ਦਿੱਤਾ, ਜਿੱਥੇ ਜਾਂਦਿਆਂ ਉਸ ਦੀ ਵੀ ਮੌਤ ਹੋ ਗਈ, ਜਦੋਂ ਕਿ ਰੇਹੜੀ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ। ਤਫਤੀਸ਼ੀ ਅਫਸਰ ਏਐੱਸਆਈ ਕਾਲਾ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।