Patiala News : ਸ਼ੰਭੂ ਰੇਲਵੇ ਟਰੈਕ ਧਮਾਕੇ 'ਚ ਨਵਾਂ ਮੋੜ, ਪਰਿਵਾਰ ਨੇ ਲਾਸ਼ ਲੈਣ ਲਈ ਮੰਗਿਆ ਸਮਾਂ; CCTV 'ਚ ਦਿਸੇ ਮੁਲਜ਼ਮ
ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ CCTV ਫੁਟੇਜ ਵੀ ਸਾਹਮਣੇ ਆਈ ਹੈ, ਜੋ 27 ਤਰੀਕ ਦੀ ਸ਼ਾਮ 5:31 ਵਜੇ ਦੀ ਦੱਸੀ ਜਾ ਰਹੀ ਹੈ। ਇਸ ਫੁਟੇਜ ਵਿੱਚ ਜਗਰੂਪ ਸਿੰਘ ਅਤੇ ਉਸਦਾ ਇੱਕ ਸਾਥੀ ਨਿਹੰਗ ਬਾਣੇ ਵਿੱਚ ਰਾਜਪੁਰਾ ਸ਼ਹਿਰ ਵਿਚੋਂ ਪੈਦਲ ਸ਼ੰਭੂ ਰੇਲਵੇ ਟਰੈਕ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ।
Publish Date: Sun, 03 May 2026 06:31 PM (IST)
Updated Date: Sun, 03 May 2026 06:57 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਸ਼ੰਭੂ ਰੇਲਵੇ ਟਰੈਕ ‘ਤੇ ਹੋਏ ਬੰਬ ਧਮਾਕੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਧਮਾਕੇ ਦੌਰਾਨ ਮੌਕੇ ‘ਤੇ ਮਾਰੇ ਗਏ ਦੋਸ਼ੀ ਜਗਰੂਪ ਸਿੰਘ ਦੀ ਲਾਸ਼ 28 ਤਰੀਖ ਤੋਂ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਹੋਈ ਹੈ। ਲਾਸ਼ ਦੀ ਪਛਾਣ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਵਾਰੀ ਨਹੀਂ ਇਸ ਸਬੰਧੀ ਜੀ.ਆਰ.ਪੀ.ਥਾਣਾ ਪਟਿਆਲਾ ਦੇ ਐਸ. ਐਚ. ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕਿ
ਜਗਰੂਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਲਈ ਇੱਕ ਦਿਨ ਦਾ ਹੋਰ ਸਮਾਂ ਮੰਗਿਆ ਹੈ। ਜੇਕਰ ਪਰਿਵਾਰ ਵੱਲੋਂ ਸਮੇਂ ‘ਤੇ ਕੋਈ ਜਵਾਬ ਨਹੀਂ ਮਿਲਦਾ, ਤਾਂ ਕਾਨੂੰਨੀ ਕਾਰਵਾਈ ਅਧੀਨ ਪੋਸਟਮਾਰਟਮ ਕਰਵਾਇਆ ਜਾਵੇਗਾ।
ਧਮਾਕੇ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ CCTV ਫੁਟੇਜ ਵੀ ਸਾਹਮਣੇ ਆਈ ਹੈ, ਜੋ 27 ਤਰੀਕ ਦੀ ਸ਼ਾਮ 5:31 ਵਜੇ ਦੀ ਦੱਸੀ ਜਾ ਰਹੀ ਹੈ। ਇਸ ਫੁਟੇਜ ਵਿੱਚ ਜਗਰੂਪ ਸਿੰਘ ਅਤੇ ਉਸਦਾ ਇੱਕ ਸਾਥੀ ਨਿਹੰਗ ਬਾਣੇ ਵਿੱਚ ਰਾਜਪੁਰਾ ਸ਼ਹਿਰ ਵਿਚੋਂ ਪੈਦਲ ਸ਼ੰਭੂ ਰੇਲਵੇ ਟਰੈਕ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ। ਕੁਝ ਘੰਟਿਆਂ ਬਾਅਦ ਹੀ ਇਸ ਟਰੈਕ ‘ਤੇ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਦੌਰਾਨ ਬੰਬ ਲਗਾਉਂਦੇ ਸਮੇਂ ਜਗਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਪੁਲਿਸ ਅਲਰਟ, ਸੁਰੱਖਿਆ ਵਧਾਈ ਗਈ
ਡੀ.ਐਸ.ਪੀ. ਮਨਜੀਤ ਸਿੰਘ ਨੇ ਕਿਹਾ ਕਿ ਇਹ CCTV ਫੁਟੇਜ ਹਾਲੇ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਈ, ਇਸ ਲਈ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਾਕਾਬੰਦੀ ਕੀਤੀ ਗਈ ਹੈ ਅਤੇ ਹਰ ਸੰਦੇਹਜਨਕ ਗਤੀਵਿਧੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਕਾਨੂੰਨ-ਵਿਵਸਥਾ ਬਣੀ ਰਹੇ।