Patiala News : ਵਿਧਾਇਕ ਪਠਾਣਮਾਜਰਾ ਨੂੰ ਇਸ ਮਾਮਲੇ 'ਚ ਮਿਲੀ ਪੱਕੀ ਜ਼ਮਾਨਤ, ਫਿਲਹਾਲ ਰਹਿਣਾ ਪਵੇਗਾ ਜੇਲ੍ਹ 'ਚ
ਜੇਲ੍ਹ ਵਿਚ ਬੰਦ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਥਾਣਾ ਜੁਲਕਾਂ ਵਿਖੇ ਮਾਈਨਿੰਗ ਦੋਸ਼ ਵਿਚ ਦਰਜ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹਰਮੀਤ ਸਿੰਘ ਪਠਾਣਮਾਜਰਾ ਦੀ ਪੱਕੀ ਜ਼ਮਾਨਤ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਗਿਆ ਹੈ।
Publish Date: Mon, 25 May 2026 06:15 PM (IST)
Updated Date: Mon, 25 May 2026 06:19 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਜੇਲ੍ਹ ਵਿਚ ਬੰਦ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਥਾਣਾ ਜੁਲਕਾਂ ਵਿਖੇ ਮਾਈਨਿੰਗ ਦੋਸ਼ ਵਿਚ ਦਰਜ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹਰਮੀਤ ਸਿੰਘ ਪਠਾਣਮਾਜਰਾ ਦੀ ਪੱਕੀ ਜ਼ਮਾਨਤ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਇਹ ਫੈਸਲਾ 25 ਮਈ 2026 ਨੂੰ ਸੁਣਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਮਾਮਲੇ ਦੀ ਅਦਾਲਤੀ ਸੁਣਵਾਈ ਜੱਜ ਅਮਨਦੀਪ ਕੌਰ ਦੀ ਅਦਾਲਤ ਵਿੱਚ ਹੋਈ।
ਵਕੀਲ ਸਿਰਮਨਜੀਤ ਸਿੰਘ ਸੱਗੂ ਨੇ ਦੱਸਿਆ ਕਿ ਸਤੰਬਰ 2025 ਵਿਚ ਦਰਜ ਹੋਈ ਸੀ, ਜਿਸ ਵਿਚ ਕਈ ਤੱਥਾਂ ਦੀ ਘਾਟ ਸੀ। ਪਟਿਆਲਾ ਦੇ ਥਾਣਾ ਸਿਵਲ ਲਾਇਨ ਵਿਖੇ ਸ਼ਰੀਰਕ ਸ਼ੋਸ਼ਣ ਦੇ ਦੋਸ਼ ਤਹਿਤ ਦਰਜ ਮਾਮਲੇ ਸਬੰਧੀ ਗ੍ਰਿਫਤਾਰੀ ਤੋਂ ਬਾਅਦ ਮਾਈਨਿੰਗ ਦੇ ਪਰਚੇ ਵਿਚ ਵੀ ਗ੍ਰਿਫਤਾਰੀ ਪਾਈ ਗਈ ਸੀ। ਦੋ ਵਾਰ ਰਿਮਾਂਡ ਲਿਆ ਗਿਆ ਸੀ। ਜਿਸਤੋਂ ਬਾਅਦ ਪਠਾਣਮਾਜਰਾ ਵਲੋਂ ਪੱਕੀ ਜ਼ਮਾਨਤ ਲਈ ਅਦਾਲਤ ਵਿਚ ਦਰਖਾਸਤ ਦਿੱਤੀ ਗਈ। ਜਿਸ ਦੀ ਸੁਣਵਾਈ ਦੌਰਾਨ ਦੋਹਾਂ ਧਿਰਾਂ ਦੀ ਸੁਣਵਾਈ ਕਰਦਿਆਂ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਦੱਸਣਾ ਬਣਦਾ ਹੈ ਕਿ ਭਾਵੇਂ ਹਰਮੀਤ ਸਿੰਘ ਪਠਾਣਮਾਜਰਾ ਨੂੰ ਮਾਈਨਿੰਗ ਮਾਮਲੇ ਵਿਚ ਪੱਕੀ ਜ਼ਮਾਨਤ ਮਿਲ ਗਈ ਹੈ ਪਰ ਸਰੀਰਕ ਸ਼ੋਸ਼ਣ ਦੇ ਮਾਮਲੇ ਸਬੰਧੀ ਅਜੇ ਜੇਲ੍ਹ ਵਿਚ ਹੀ ਰਹਿਣਾ ਹੋਵੇਗਾ।