Patiala News : ਸਰੀਰਕ ਸ਼ੋਸ਼ਣ ਤੇ ਧੋਖਾਧੜੀ ਮਾਮਲੇ 'ਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
ਸਰੀਰਕ ਸ਼ੋਸ਼ਣ ਤੇ ਧੋਖਾਧੜੀ ਦੇ ਮਾਮਲੇ ਵਿਚ ਨਾਮਜਦ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਅਰਜ਼ੀ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤੀ ਹੈ।
Publish Date: Wed, 10 Sep 2025 07:11 PM (IST)
Updated Date: Wed, 10 Sep 2025 07:16 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਰੀਰਕ ਸ਼ੋਸ਼ਣ ਤੇ ਧੋਖਾਧੜੀ ਦੇ ਮਾਮਲੇ ਵਿਚ ਨਾਮਜਦ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਅਰਜ਼ੀ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸਦੀ ਪੁਸ਼ਟੀ ਕਰਦਿਆਂ ਵਿਧਾਇਕ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਦੱਸਿਆ ਕਿ ਅਡੀਸ਼ਨਲ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਨੇ ਹਰਮੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।
ਸੱਗੂ ਨੇ ਕਿਹਾ ਕਿ ਉਨਾਂ ਵਲੋਂ ਜਮਾਨਤ ਲਈ ਹਾਈਕੋਰਟ ਵਿਚ ਅਪੀਲ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਇਕ ਔਰਤ ਦੇ ਬਿਆਨ ’ਤੇ ਸਰੀਰਕ ਸ਼ੋਸ਼ਣ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਪਟਿਆਲਾ ਦੇ ਥਾਣਾ ਸਿਵਲ ਲਾਇਨ ਵਿਖੇ ਪੁਲਿਸ ਨੇ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਮਾਮਲਾ ਦਰਜ ਕੀਤਾ ਸੀ।
ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਵਿਧਾਇਕ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਦੇ ਪਿੰਡ ਡਾਬਰੀ ਵਿਖੇ ਪੁੱਜੀ ਪਰ ਉਹ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਇਸੇ ਦੌਰਾਨ ਹੀ ਵਿਧਾਇਕ ਵਲੋਂ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਅਦਾਲਤ ਵਿਚ ਅਗਾਊਂ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ ਸੀ ਜਿਸ ਨੂੰ ਅਡੀਸ਼ਨਲ ਸੈਸ਼ਨ ਜੱਜ ਵਲੋਂ ਬੁੱਧਵਾਰ ਰੱਦ ਕਰ ਦਿੱਤਾ ਗਿਆ ਹੈ।
10 ਮੁਲਜ਼ਮਾਂ ਦੀ ਜਮਾਨਤ ’ਤੇ ਫੈਸਲਾ ਵੀਰਵਾਰ ਨੂੰ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲਿਸ ਹਿਰਾਸਤ ਵਿਚੋਂ ਭਜਾਉਣ ਦੀ ਸਾਜਿਸ਼ ਦੇ ਮਾਮਲੇ ਵਿਚ ਨਿਆਂਇਕ ਹਿਰਾਸਤ ਗਏ 10 ਮੁਲਜ਼ਮਾਂ ਦੀ ਜ਼ਮਾਨਤ ’ਤੇ ਵੀ ਬੁੱਧਵਾਰ ਨੂੰ ਪਟਿਆਲਾ ਦੀ ਅਦਾਲਤ ਵਿਚ ਸੁਣਵਾਈ ਹੋਈ ਹੈ। ਜੱਜ ਵਲੋਂ ਅੱਜ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ’ਤੇ ਫੈਸਲਾ ਵੀਰਵਾਰ ਨੂੰ ਕੀਤਾ ਜਾਵੇਗਾ। ਵਿਧਾਇਕ ਨੂੰ ਪਿੰਡ ਡਾਬਰੀ ਵਿਚ ਪੁਲਿਸ ਹਿਰਾਸਤ ਵਿਚੋਂ ਭਜਾਉਣ ਦੀ ਸਾਜਿਸ਼ ਕਰਨ, ਹਥਿਆਰਾਂ ਦੀ ਵਰਤੋਂ ਕਰਨ, ਸਰਕਾਰੀ ਡਿਊਟੀ ਵਿਚ ਵਿਘਣ ਪਾਉਣ ਦੇ ਦੋਸ਼ ਹੇਠ ਥਾਣਾ ਸਿਵਲ ਲਾਇਨ ਵਿਖੇ 32 ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਚ ਨਾਮਜ਼ਦ 11 ਜਣਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ। ਜਿਨ੍ਹਾਂ ਵਿਚ 10 ਦੀ ਜ਼ਮਾਨਤ ਅਰਜ਼ੀ ਪਟਿਆਲਾ ਅਦਾਲਤ ਵਿਚ ਲੱਗੀ ਹੋਈ ਹੈ ਤੇ ਫੈਸਲਾ ਵੀਰਵਾਰ ਨੂੰ ਹੋਣਾ ਹੈ।