Patiala News : ਲਾਪਤਾ ਫੋਟੋਗ੍ਰਾਫਰ ਦੀ ਭਾਖੜਾ ਨਹਿਰ 'ਚੋਂ ਲਾਸ਼ ਬਰਾਮਦ, ਮਾਮਲਾ ਦਰਜ
ਲਾਪਤਾ ਫੋਟੋਗ੍ਰਾਫਰ ਸਤਨਾਮ ਸਿੰਘ ਦੀ ਲਾਸ਼ ਬੀਤੇ ਦਿਨ ਸਿਰਸਾ (ਹਰਿਆਣਾ) ਨਜ਼ਦੀਕ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ।
Publish Date: Sun, 19 Apr 2026 08:29 PM (IST)
Updated Date: Sun, 19 Apr 2026 08:31 PM (IST)
ਭਾਰਤ ਭੂਸ਼ਣ ਗੋਇਲ, ਸਮਾਣਾ : ਬੀਤੀ 11 ਅਪ੍ਰੈਲ ਤੋਂ ਲਾਪਤਾ ਫੋਟੋਗ੍ਰਾਫਰ ਸਤਨਾਮ ਸਿੰਘ ਦੀ ਲਾਸ਼ ਬੀਤੇ ਦਿਨ ਸਿਰਸਾ (ਹਰਿਆਣਾ) ਨਜ਼ਦੀਕ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ। ਸਿਟੀ ਪੁਲਿਸ ਨੇ ਇਸ ਮਾਮਲੇ ਵਿੱਚ ਅਜੈ ਕੁਮਾਰ ਪੁੱਤਰ ਤੇਜਪਾਲ, ਉਸਦੀ ਪਤਨੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸਿਟੀ ਪੁਲਿਸ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ (25) ਦੀ ਭੈਣ ਖੁਸ਼ਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਨਵੀਂ ਸਰਾਂ ਪੱਤੀ, ਸਮਾਣਾ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ, ਉਸਦਾ ਭਰਾ 11 ਅਪ੍ਰੈਲ ਦੀ ਸ਼ਾਮ ਨੂੰ ਇੱਕ ਸਮਾਗਮ ਦੀ ਫੋਟੋਗ੍ਰਾਫੀ ਕਰਨ ਲਈ ਇਕ ਨਿੱਜੀ ਪੈਲੇਸ, ਸਮਾਣਾ ਗਿਆ ਸੀ। ਉੱਥੇ 33,000 ਰੁਪਏ ਦੀ ਚੋਰੀ ਦੇ ਇਲਜ਼ਾਮ ਵਿੱਚ ਅਜੈ ਕੁਮਾਰ, ਉਸਦੀ ਪਤਨੀ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਘਟਨਾ ਤੋਂ ਬਾਅਦ ਉਹ ਰਾਤ ਨੂੰ ਘਰ ਵਾਪਸ ਨਹੀਂ ਪਰਤਿਆ ਅਤੇ ਉਸਦੀ ਬਾਈਕ ਭਾਖੜਾ ਨਹਿਰ ਦੇ ਚੀਕਾ ਪੁਲ਼, ਸਮਾਣਾ ਨਜ਼ਦੀਕ ਪਟੜੀ ਤੋਂ ਬਰਾਮਦ ਹੋਈ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਖੜਾ ਨਹਿਰ ਵਿੱਚ ਉਸਦੀ ਭਾਲ ਕੀਤੀ ਜਾ ਰਹੀ ਸੀ।
ਅਧਿਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ ਵਾਰਸਾਂ ਹਵਾਲੇ ਕੀਤੀ ਜਾਵੇਗੀ। ਫਰਾਰ ਮੁਲਜ਼ਮਾ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਜਿਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।