Patiala News : ਰਾਜਪੁਰਾ 'ਚ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਕਾਰ ਦੇ ਕੁਚਲਣ ਨਾਲ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ; ਲੜਕੀ ਗੰਭੀਰ ਜ਼ਖ਼ਮੀ
ਰਾਜਪੁਰਾ ਪਟਿਆਲਾ ਕੌਮੀ ਸ਼ਾਹ ਮਾਰਗ ਉੱਤੇ ਅੱਜ ਸਵੇਰੇ ਸਾਢੇ 5 ਵਜੇ ਦੇ ਕਰੀਬ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਦਾਦੀ, ਪੋਤੀ ਅਤੇ ਸਮੇਤ 3 ਜੀਆਂ ਦੀ ਮੌਤ ਹੋ ਗਈ ਅਤੇ ਇਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ।
Publish Date: Thu, 11 Sep 2025 05:56 PM (IST)
Updated Date: Thu, 11 Sep 2025 06:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਪਟਿਆਲਾ ਕੌਮੀ ਸ਼ਾਹ ਮਾਰਗ ਉੱਤੇ ਅੱਜ ਸਵੇਰੇ ਸਾਢੇ 5 ਵਜੇ ਦੇ ਕਰੀਬ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਦਾਦੀ, ਪੋਤੀ ਸਮੇਤ 3 ਜੀਆਂ ਦੀ ਮੌਤ ਹੋ ਗਈ ਅਤੇ ਇਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਜਿਸਨੂੰ ਚੰਡੀਗੜ੍ਹ ਦੇ 32 ਸੈਕਟਰ ਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਲਾਜ ਲਈ ਭੇਜਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਪੁਲਿਸ ਦੇ ਏਐੱਸਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ 5 ਵਜੇ ਦੇ ਕਰੀਬ ਪ੍ਰਦੀਪ ਕੁਮਾਰ ਰਿਸ਼ੀਦੇਵ (40), ਯਸ਼ੌਧਾ (60), ਅਨੰਨਿਆ (14) ਅਤੇ ਲੜਕੀ ਬੀਰ (12) ਵਾਸੀ ਗਣੇਸ਼ ਕਾਲੋਨੀ ਨੇੜੇ ਲਿਬਰਟੀ ਚੌਕ ਸਥਾਨਕ ਸਬਜ਼ੀ ਮੰਡੀ ’ਚ ਸਬਜ਼ੀ ਖਰੀਦਣ ਲਈ ਜਾ ਰਹੇ ਸਨ।
ਜਦੋਂ ਉਹ ਰਾਜਪੁਰਾ ਪਟਿਆਲਾ ਕੌਮੀ ਸ਼ਾਹ ਮਾਰਗ ’ਤੇ ਮੰਡੀ ਜਾਣ ਲਈ ਚੜ੍ਹੇ ਹੀ ਸਨ ਕਿ ਪਟਿਆਲਾ ਵੱਲੋਂ ਆ ਰਹੀ ਚੰਡੀਗੜ੍ਹ ਨੰਬਰ ਦੀ ਇਕ ਕੀਆ ਕਾਰ ਦੇ ਚਾਲਕ ਅਖਿੱਲ ਕਸ਼ਯਪ ਪੁੱਤਰ ਵਰਿੰਦਰ ਪਾਲ ਕਸ਼ਯਪ ਵਾਸੀ ਮੋਗਾ, ਜੋ ਕਿ ਇਕ ਵਕੀਲ ਦੱਸਿਆ ਜਾ ਰਿਹਾ ਹੈ, ਨੇ ਪਿੱਛੋਂ ਆ ਕੇ ਉਨ੍ਹਾਂ 'ਤੇ ਸਿੱਧੇ ਹੀ ਆਪਣੀ ਕਾਰ ਚੜ੍ਹਾ ਦਿੱਤੀ। ਜਿਸ ਕਾਰਨ ਪ੍ਰਦੀਪ ਰਿਸ਼ੀਦੇਵ, ਯਸ਼ੋਧਾ ਅਤੇ ਅਨੰਨਿਆ ਦੀ ਮੌਕੇ ਤੇ ਮੌਤ ਹੋ ਗਈ ਅਤੇ ਇਕ ਲੜਕੀ ਬੀਰ ਗੰਭੀਰ ਜ਼ਖ਼ਮੀ ਹੋ ਗਈ ਜਿਸ ਦੀ ਹਾਲਤ ਗੰਭੀਰ ਦੇਖਦਿਆਂ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਇਲਾਜ ਲਈ ਭੇਜ ਦਿੱਤਾ।
ਥਾਣਾ ਸਿਟੀ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਵਲੋਂ ਸਿਵਲ ਹਸਪਤਾਲ ਰਾਜਪੁਰਾ ਦਾ ਦੌਰਾ ਕੀਤਾ। ਇਸ ਦੌਰਾਨ ਸਿਟੀ ਪੁਲਿਸ ਨੇ ਮ੍ਰਿਤਕਾਂ ਦੇ ਰਿਸ਼ਤੇਦਾਰ ਪ੍ਰਦੀਪ ਕੁਮਾਰ ਦੇ ਬਿਆਨਾਂ ’ਤੇ ਕਾਰ ਚਾਲਕ ਅਖਿੱਲ ਕਸ਼ਯਪ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਹਨ।