Patiala News : ਧਰਮ ਯੁੱਧ ਮੋਰਚੇ 'ਚ ਆਇਆ ਸੰਗਤਾਂ ਦਾ ਹੜ੍ਹ, ਕਮੇਟੀ ਨੇ ਕੀਤਾ ਇਹ ਵੱਡਾ ਐਲਾਨ
ਭਾਈ ਗੁਰਜੀਤ ਸਿੰਘ ਖ਼ਾਲਸਾ ਵੱਲੋਂ ਸਮਾਣਾ ਦੇ 400 ਫੁੱਟ ਉੱਚੇ ਟਾਵਰ 'ਤੇ ਬੈਠ ਕੇ ਪਿਛਲੇ 540 ਦਿਨਾਂ ਤੋਂ ਕੀਤੇ ਜਾ ਰਹੇ ਇਤਿਹਾਸਕ ਸੰਘਰਸ਼ ਨੂੰ ਅੱਜ ਵੱਡਾ ਸਮਰਥਨ ਪ੍ਰਾਪਤ ਹੋਇਆ ਜਦ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ, ਨੌਜਵਾਨ ਜਥੇਬੰਦੀਆਂ 'ਧਰਮ ਯੁੱਧ ਮੋਰਚਾ' ਸਮਾਣਾ ਵਿਖੇ ਪਹੁੰਚੀਆਂ।
Publish Date: Sun, 15 Mar 2026 07:10 PM (IST)
Updated Date: Sun, 15 Mar 2026 07:14 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਭਾਈ ਗੁਰਜੀਤ ਸਿੰਘ ਖ਼ਾਲਸਾ ਵੱਲੋਂ ਸਮਾਣਾ ਦੇ 400 ਫੁੱਟ ਉੱਚੇ ਟਾਵਰ 'ਤੇ ਬੈਠ ਕੇ ਪਿਛਲੇ 540 ਦਿਨਾਂ ਤੋਂ ਕੀਤੇ ਜਾ ਰਹੇ ਇਤਿਹਾਸਕ ਸੰਘਰਸ਼ ਨੂੰ ਅੱਜ ਵੱਡਾ ਸਮਰਥਨ ਪ੍ਰਾਪਤ ਹੋਇਆ ਜਦ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ, ਨੌਜਵਾਨ ਜਥੇਬੰਦੀਆਂ 'ਧਰਮ ਯੁੱਧ ਮੋਰਚਾ' ਸਮਾਣਾ ਵਿਖੇ ਪਹੁੰਚੀਆਂ।
ਪਿਛਲੇ 20 ਦਿਨਾਂ ਤੋਂ ਸਮਾਣੇ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਪੱਕੇ ਤੌਰ 'ਤੇ ਲੱਗੇ ਸੰਗਤਾਂ ਮੋਰਚੇ ਵਿੱਚ ਪਹੁੰਚੀਆਂ, ਨੌਜਵਾਨ ਆਗੂ ਭਾਨਾ ਸਿੱਧੂ ਨੇ ਸਰਕਾਰ ਦੇ ਅੜੀਅਲ ਰਵੱਈਏ ਦੀ ਕਰੜੇ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ 16 ਨੂੰ ਕਾਨੂੰਨ ਨਾ ਲਾਗੂ ਹੋਣ ਦੀ ਸੂਰਤ ਵਿੱਚ 17 ਮਾਰਚ ਤੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਘੇਰਨ ਦਾ ਐਲਾਨ ਕੀਤਾ, ਜਿਸ ਦੇ ਤਹਿਤ 17 ਨੂੰ ਦਿੜਬਾ ਤੋਂ ਵਿਧਾਇਕ ਅਤੇ ਸੀਨੀਅਰ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲਹਿਰਾਗਾਗਾ ਤੋਂ ਵਿਧਾਇਕ ਅਤੇ ਮੰਤਰੀ ਬਰਿੰਦਰ ਗੋਇਲ ਦਾ ਘਰ ਘੇਰਿਆ ਜਾਏਗਾ, ਜਿਸ ਲਈ ਮੋਰਚੇ ਤੋਂ ਸੰਗਤਾਂ ਦੇ ਕਾਫਲੇ ਰਵਾਨਾ ਹੋਇਆ ਕਰਨਗੇ।
ਇਹ ਸਿਲਸਿਲਾ ਹਰ ਰੋਜ਼ ਹੋਏਗਾ ਅਤੇ ਅਖੀਰ ਵਿੱਚ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਏਗਾ। ਇਸ ਮੌਕੇ ਪਹੁੰਚੇ ਬੁਲਾਰਿਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਕਾਨੂੰਨ ਨਾ ਲਾਗੂ ਹੋਣ ਦੀ ਸੂਰਤ ਵਿੱਚ ਸਰਕਾਰ ਦੇ ਵਿਧਾਇਕਾਂ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਟੇਜਾਂ 'ਤੇ ਬੋਲਣ ਤੇ ਮਨਾਈ ਦਾ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਏ।