ਸਮਾਜ ਸੇਵੀ ਹਰਦੀਪ ਸਿੰਘ ਸਨੌਰ ਦਾ ਕੀਤਾ ਸਨਮਾਨ
ਸਮਾਜ ਸੇਵੀ ਹਰਦੀਪ ਸਿੰਘ ਸਨੌਰ ਦਾ ਕੀਤਾ ਸਨਮਾਨ
Publish Date: Wed, 27 May 2026 04:33 PM (IST)
Updated Date: Wed, 27 May 2026 04:34 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੋਲਿਊਸ਼ਨ ਫਰੀ ਇੰਡੀਆ ਪ੍ਰੋਜੈਕਟ ਇੰਟਲੈਕਚੁਅਲ ਫੋਰਮ ਵੱਲੋਂ ਖ਼ੂਨਦਾਨ ਦੇ ਖ਼ੇਤਰ ’ਚ ਵਿਸ਼ਵ ਪੱਧਰੀ ਰਿਕਾਰਡ ਸੇਵਾਵਾਂ ਦੇਣ ਅਤੇ ਖ਼ੂਨ ਦੀਆਂ 35000 ਤੋਂ ਵੱਧ ਯੂਨਿਟਾਂ ਦਾਨ ਕਰਵਾ ਕੇ ਇੱਕ ਲੱਖ ਤੋਂ ਵੱਧ ਜ਼ਿੰਦਗੀਆਂ ਬਚਾਉਣ ਵਾਲੇ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿਖੇ ਸਨਮਾਨਿਤ ਕੀਤਾ ਗਿਆ। ਹਰਦੀਪ ਸਿੰਘ ਸਨੌਰ ਨੂੰ ਸਨਮਾਨਿਤ ਕਰਦਿਆਂ ਅੰਤਰਾਸ਼ਟਰੀ ਲੇਖਕ, ਸਿੱਖਿਆ ਸ਼ਾਸਤਰੀ ਤੇ ਸੰਸਥਾ ਦੇ ਸੰਚਾਲਕ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਹਰ ਮਹੀਨੇ ਦੀ 5 ਤੇ 20 ਤਰੀਕਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਗਾਤਾਰ ਖ਼ੂਨਦਾਨ ਕੈਂਪ ਲਗਾਉਣ ਦਾ ਵਿਸ਼ਵ ਰਿਕਾਰਡ ਸਥਾਪਿਤ ਕਰਨ ਕਾਰਣ ਹਰਦੀਪ ਸਿੰਘ ਸਨੌਰ ਦਾ ਸਨਮਾਨ ਕਰਦੇ ਹੋਏ ਉਹ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ। ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਪਿਛਲੇ 20 ਸਾਲਾਂ ਤੋਂ ਖੂਨਦਾਨ ਸੇਵਾ ਵਿਚ ਜੁਟੇ ਹੋਏ ਹਨ ਅਤੇ ਲਗਭਗ 29 ਸਾਲ ਤੋਂ ਹਰਿਆਲੀ ਸਬੰਧੀ ਸੇਵਾ ਲਈ ਕਾਰਜਸ਼ੀਲ ਹਨ। ਇਨ੍ਹਾਂ ਦੇ ਮਿਸ਼ਨਰੀ ਕਾਰਕੁੰਨ 1132 ਤੋਂ ਵੱਧ ਖੂਨਦਾਨ ਕੈਂਪ ਲਗਾ ਕੇ 35000 ਤੋਂ ਵੱਧ ਖੂਨ ਦੇ ਯੂਨਿਟ ਇਕੱਤਰ ਕਰਕੇ ਵੱਖ-ਵੱਖ ਬਲੱਡ ਬੈਂਕਾਂ ਵਿਚ ਜਮ੍ਹਾਂ ਕਰਵਾ ਚੁੱਕੇ ਹਨ। ਇਹ ਪੰਜਾਬ ਵਿਚ ਵਾਤਾਵਰਨ ਦੀ ਸਾਂਭ ਸੰਭਾਲ, ਹਰਿਆਲੀ ਵਧਾਉਣ ਲਈ ਅਤੇ ਪ੍ਰਦੂਸ਼ਣ ਰਹਿਤ ਦੁਸਹਿਰਾ, ਦੀਵਾਲੀ ਤੇ ਗੁਰਪੁਰਬ ਮਨਾਉਣ ਲਈ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਭਾਸ਼ਣ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਵੀ ਕਰਦੇ ਹਨ। ਇਸ ਸੰਬੰਧੀ 20 ਜੁਲਾਈ ਪੰਜਾਬ ਵਾਤਾਵਰਣ ਦਿਵਸ ਵਜੋਂ ਮਨਾਉਣ ਦੀ ਉਪਰਾਲਾ ਵੀ ਇਨ੍ਹਾਂ ਵੱਲੋਂ ਹੀ ਕੀਤਾ ਗਿਆ। ਹਰਦੀਪ ਸਿੰਘ ਸਨੌਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇਹ ਵੀ ਕਿਹਾ ਕਿ ਉਹ ਪਿਛਲੇ 14 ਸਾਲਾਂ ਤੋਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ’ਚ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਖੂਨਦਾਨ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾਉਂਦੇ ਆ ਰਹੇ ਹਨ। 14 ਜੂਨ ਵਿਸ਼ਵ ਖੂਨਦਾਨੀ ਦਿਵਸ ਨੂੰ ਸਮਰਿਪਤ ਜਲਦ ਹੀ ਇਕ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿਚ ਖੂਨ ਦਾਨ ਦੇ ਵਿਸ਼ੇ ਨਾਲ ਸਬੰਧਤ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ।