ਵਿਰੋਧੀ ਪਾਰਟੀਆਂ ਨੇ ਔਰਤਾਂ ਤੇ ਦਲਿਤਾਂ ਦੇ ਹੱਕਾਂ ’ਤੇ ਡਾਕਾ ਮਾਰਿਆ : ਰਾਜੂ
ਵਿਰੋਧੀ ਪਾਰਟੀਆਂ ਨੇ ਔਰਤਾਂ ਤੇ ਦਲਿਤਾਂ ਦੇ ਹੱਕਾਂ ’ਤੇ ਡਾਕਾ ਮਾਰਿਆ : ਜਗਮੋਹਨ ਸਿੰਘ ਰਾਜੂ
Publish Date: Wed, 22 Apr 2026 06:10 PM (IST)
Updated Date: Wed, 22 Apr 2026 06:13 PM (IST)

ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਰਿਹਾਇਸ਼ ਭੱਟੀ ਫਾਰਮ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ 17 ਅਪ੍ਰੈਲ ਦੀ ਰਾਤ ਪੰਜਾਬ ਦੀਆਂ ਔਰਤਾਂ ਅਤੇ ਦਲਿਤ ਭਾਈਚਾਰੇ ਲਈ ਮੱਸਿਆ ਦੀ ਰਾਤ ਤੋਂ ਵੀ ਜ਼ਿਆਦਾ ਕਾਲੀ ਸਾਬਤ ਹੋਈ ਹੈ, ਕਿਉਂਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਪਾਰਲੀਮੈਂਟ ਵਿਚ ਮਹਿਲਾ ਰਾਖਵੇਂਕਰਨ ਬਿੱਲ ਦਾ ਵਿਰੋਧ ਕਰ ਕੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ। ਰਾਜੂ ਨੇ ਇਲਜ਼ਾਮ ਲਗਾਇਆ ਕਿ ਇਹ ਪਾਰਟੀਆਂ ਔਰਤਾਂ ਨੂੰ ਰਾਜਨੀਤੀ ਵਿਚ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦੀਆਂ ਅਤੇ ਸਿਰਫ਼ ਆਪਣੇ ਪਰਿਵਾਰਕ ਮੈਂਬਰਾਂ, ਪੁੱਤਾਂ ਅਤੇ ਭਤੀਜਿਆਂ ਨੂੰ ਹੀ ਸੱਤਾ ਦੀਆਂ ਕੁਰਸੀਆਂ ਤੇ ਦੇਖਣਾ ਚਾਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਇਸ ਇਤਿਹਾਸਕ ਬਿੱਲ ਦਾ ਗਲਾ ਮਰੋੜਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਵਿਸ਼ਵਾਸਘਾਤ ਵਿਰੁੱਧ ਚੁੱਪ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ 25 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਔਰਤਾਂ ਅਤੇ ਐਨਜੀਓ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਸੰਸਦ ਮੈਂਬਰਾਂ ਨੇ ਇਸ ਬਿੱਲ ਦੇ ਵਿਰੁੱਧ ਵੋਟ ਪਾਈ ਹੈ, ਭਾਜਪਾ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਜਾ ਕੇ ਘਿਰਾਓ ਕਰੇਗੀ ਅਤੇ ਉਨ੍ਹਾਂ ਕੋਲੋਂ ਜਨਤਾ ਦੀ ਕਚਹਿਰੀ ਵਿਚ ਜਵਾਬ ਮੰਗੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਔਰਤਾਂ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿਚ 33 ਫੀਸਦੀ ਰਾਖਵਾਂਕਰਨ ਜ਼ਰੂਰ ਮਿਲੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਜਨਤਾ ਵਿਰੋਧੀ ਧਿਰਾਂ ਨੂੰ ਕਰਾਰਾ ਸਬਕ ਸਿਖਾਏਗੀ। ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਸਿੱਧੇ ਨਿਸ਼ਾਨੇ ਤੇ ਲੈਂਦਿਆਂ ਰਾਜੂ ਨੇ ਕਿਹਾ ਕਿ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਇੱਕ ਦਲਿਤ ਐਮਪੀ ਹੋਣ ਦੇ ਨਾਤੇ ਉਨ੍ਹਾਂ ਨੇ ਇਸ ਬਿੱਲ ਦੀ ਖ਼ਿਲਾਫ਼ਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਲਾਗੂ ਹੁੰਦਾ ਤਾਂ ਪੰਜਾਬ ਵਿੱਚ ਦਲਿਤ ਐਮਪੀ ਸੀਟਾਂ ਦੀ ਗਿਣਤੀ 3 ਤੋਂ ਵਧ ਕੇ 6 ਹੋ ਜਾਣੀ ਸੀ, ਪਰ ਡਾ. ਅਮਰ ਸਿੰਘ ਨੇ ਆਪਣੇ ਨਿੱਜੀ ਸਿਆਸੀ ਸਵਾਰਥ ਅਤੇ ਫਤਹਿਗੜ੍ਹ ਸਾਹਿਬ ਸੀਟ ਦੇ ਮਹਿਲਾ ਲਈ ਰਾਖਵੀਂ ਹੋ ਜਾਣ ਦੇ ਡਰ ਕਾਰਨ ਪੂਰੇ ਪੰਜਾਬ ਦੇ ਦਲਿਤਾਂ ਦੇ ਵਿਸ਼ਵਾਸ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਡਾ. ਅਮਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਝੂਠਾ ਦਿਲਾਸਾ ਦੇ ਕੇ ਉਨ੍ਹਾਂ ਕੋਲੋਂ ਦਲਿਤਾਂ ਦੇ ਹਿੱਤਾਂ ਵਿਰੁੱਧ ਵੋਟ ਪਵਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਯੋਜਨਾ ਮੁਤਾਬਕ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵਧ ਕੇ 20 ਅਤੇ ਵਿਧਾਨ ਸਭਾ ਸੀਟਾਂ 175 ਤੋਂ ਪਾਰ ਹੋਣੀਆਂ ਸਨ, ਪਰ ਵਿਰੋਧੀ ਧਿਰਾਂ ਨੇ 33 ਫੀਸਦੀ ਮਹਿਲਾ ਰਾਖਵੇਂਕਰਨ ਦੀ ਸ਼ਰਤ ਕਾਰਨ ਇਸ ਸੁਨਹਿਰੀ ਮੌਕੇ ਨੂੰ ਲੱਤ ਮਾਰ ਦਿੱਤੀ। ਉਨ੍ਹਾਂ ਕਿਹਾ ਕਿ 1971 ਤੋਂ ਲੈ ਕੇ 2026 ਤੱਕ ਹਰ ਡਿਪਾਰਟਮੈਂਟ ’ਚ, ਹਰ ਜਗ੍ਹਾ ਵਾਧਾ ਹੋਇਆ, ਲੇਕਿਨ ਸਾਡੇ ਐਮ.ਪੀ. ਉਦੋਂ ਵੀ 13 ਸਨ ਤੇ ਹੁਣ ਵੀ 13 ਨੇ। ਇਹ ਕਿਵੇਂ ਹੋ ਸਕਦਾ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਅਫਸਰ ਜਾਣ ਪਰ ਐਮਪੀ ਤੇ ਐਮਐਲਏ ਉਹੀ ਰਹਿਣ। ਪੱਤਰਕਾਰਾਂ ਵੱਲੋਂ ਬਿੱਲ ਨੂੰ ਲਾਗੂ ਕਰਨ ਵਿਚ ਹੋਈ ਦੇਰੀ ਅਤੇ ਕਾਂਗਰਸ ਦੇ ਇਲਜ਼ਾਮਾਂ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜੂ ਨੇ ਸਪੱਸ਼ਟ ਕੀਤਾ ਕਿ ਇਹ ਕਹਿਣਾ ਗਲਤ ਹੈ ਕਿ ਮੋਦੀ ਸਰਕਾਰ ਨੇ ਜਾਣਬੁੱਝ ਕੇ ਦੇਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਪ੍ਰਕਿਰਿਆ ਮੁਤਾਬਕ ਇਹ ਬਿੱਲ 2026 ਦੀ ਮਰਦਮਸ਼ੁਮਾਰੀ ਤੋਂ ਬਾਅਦ ਹੀ ਲਾਗੂ ਹੋ ਸਕਦਾ ਸੀ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੀਟਾਂ ਦੀ ਹੱਦਬੰਦੀ ਤੇ ਰੋਕ ਲਗਾਈ ਹੋਈ ਸੀ। ਮੋਦੀ ਸਰਕਾਰ ਨੇ ਤਾਂ ਮਰਦਮਸ਼ੁਮਾਰੀ ਦੀ ਉਡੀਕ ਕੀਤੇ ਬਿਨਾਂ ਹੀ ਸਾਰੀਆਂ ਸਟੇਟਾਂ ਵਿੱਚ 50 ਫੀਸਦੀ ਸੀਟਾਂ ਵਧਾਉਣ ਦਾ ਰਸਤਾ ਕੱਢਿਆ ਸੀ, ਪਰ ਵਿਰੋਧੀ ਧਿਰਾਂ ਨੇ ਆਪਣੀ ਪੁਰਾਣੀ ਮਾਨਸਿਕਤਾ ਕਾਰਨ ਇਸ ਦਾ ਵਿਰੋਧ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਗੇਜਾ ਰਾਮ ਵਾਲਮੀਕਿ, ਹਰਬੰਸ ਲਾਲ, ਅਜਾਇਬ ਸਿੰਘ ਜਖਵਾਲੀ, ਹਰੀਸ਼ ਅਗਰਵਾਲ, ਸਰਬਜੀਤ ਸਿੰਘ ਮੱਖਣ, ਸਿਕੰਦਰ ਸਿੰਘ ਚੋਲਟੀ ਖੇੜੀ, ਦਵਿੰਦਰ ਕੁਮਾਰ ਭੱਟ ਸਰਕਲ ਪ੍ਰਧਾਨ ਸਰਹਿੰਦ ਮੰਡੀ, ਹਰਪਾਲ ਸਿੰਘ ਬੇਦੀ, ਰੋਹਿਤ ਸ਼ਰਮਾ ਰਿੱਕੀ, ਜਸਪਾਲ ਸਿੰਘ ਨੋਗਾਵਾਂ, ਪਰਮਜੀਤ ਸਿੰਘ ਵਜ਼ੀਰਾਬਾਦ, ਪਰਮਜੀਤ ਕੌਰ ਸਾਬਕਾ ਮੰਡਲ ਪ੍ਰਧਾਨ ਚਨਾਰਥਲ, ਲਖਬੀਰ ਕੌਰ ਜੱਲਾ ਜ਼ਿਲ੍ਹਾ ਮੀਤ ਪ੍ਰਧਾਨ, ਸ਼ਾਮ ਸੁੰਦਰ ਭਾਰਦਵਾਜ ਜਿਲਾ ਵਾਈਸ ਪ੍ਰਧਾਨ, ਅਵਿਨਾਸ਼ ਕੌਰ, ਬਲਵਿੰਦਰ ਕੌਰ, ਖੁਸ਼ੀ ਸ਼ਰਮਾ, ਦੀਆਪ੍ਰੀਤ ਕੌਰ, ਸਿਮਰਨਪ੍ਰੀਤ, ਜੀਤ ਕੌਰ, ਬਲਵੀਰ ਕੌਰ, ਸਿਮਰਨਜੀਤ ਕੌਰ, ਵੀਨਾ ਕੁਮਾਰੀ ਮੰਡਲ ਵਾਈਸ ਪ੍ਰਧਾਨ ਸਰਹੰਦ ਬਾੜਾ, ਪਰਮਜੀਤ ਕੌਰ ਵਾਈਸ ਪ੍ਰਧਾਨ ਮੰਡਲ ਸਰਹੰਦ ਮੰਡੀ, ਹਰਪ੍ਰੀਤ ਸਿੰਘ ਵਾਲੀਆ ਜਮੀਤਗੜ੍ਹ ਅਤੇ ਜਸਪਾਲ ਸਿੰਘ ਅਨੈਤਪੁਰਾ ਵੀ ਮੌਜੂਦ ਸਨ।