ਮਾਤਾ ਗੁਜਰੀ ਕਾਲਜ ਵੱਲੋਂ ਇਕ ਹਫ਼ਤੇ ਦਾ ਸ਼ਾਰਟ ਟਰਮ ਕੋਰਸ ਸੰਪੰਨ
ਮਾਤਾ ਗੁਜਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇਕ ਹਫ਼ਤੇ ਦਾ ਸ਼ਾਰਟ ਟਰਮ ਕੋਰਸ ਸੰਪੰਨ
Publish Date: Tue, 05 May 2026 06:15 PM (IST)
Updated Date: Tue, 05 May 2026 06:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕੰਪਿਊਟਰ ਫੰਡਾਮੈਂਟਲਜ਼ ਅਤੇ ਏਆਈ ਟੂਲਜ਼ ਵਿਸ਼ੇ ’ਤੇ ਇਕ ਹਫ਼ਤੇ ਦਾ ਸ਼ਾਰਟ ਟਰਮ ਕੋਰਸ ਸਫ਼ਲਤਾਪੂਰਵਕ ਸੰਪੰਨ ਹੋ ਗਿਆ। ਇਸ ਕੋਰਸ ਵਿਚ ਬਾਰ੍ਹਵੀਂ ਦੀ ਪ੍ਰੀਖਿਆ ਦੇ ਚੁੱਕੇ 35 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਕੋਰਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬੁਨਿਆਦੀ ਕੰਪਿਊਟਰ ਹੁਨਰਾਂ ਨਾਲ ਲੈਸ ਕਰਨਾ ਅਤੇ ਵਿਸ਼ੇਸ਼ ਤੌਰ ’ਤੇ ਏਆਈ ਟੂਲਜ਼ ਨਾਲ ਜਾਣੂ ਕਰਵਾਉਣਾ ਸੀ ਤਾਂ ਜੋ ਉਹ ਆਧੁਨਿਕ ਤਕਨਾਲੋਜੀ ਦੇ ਤੇਜ਼਼ੀ ਨਾਲ ਹੋ ਰਹੇ ਵਿਕਾਸ ਦੇ ਨਾਲ ਕਦਮ ਮਿਲਾ ਸਕਣ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕੰਪਿਊਟਰ ਸਾਇੰਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੋਰਸ ਦੌਰਾਨ ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਅਤੇ ਆਰਟੀਫ਼ੀਸ਼ਿਅਲ ਇੰਟੈਲੀਜੈਂਸ ਵਿਸ਼ੇ ਨਾਲ ਸਬੰਧਿਤ ਮੁੱਢਲੀ ਅਤੇ ਵਡਮੁੱਲੀ ਜਾਣਕਾਰੀ ਹਾਸਲ ਕੀਤੀ। ਕੰਪਿਊਟਰ ਸਾਇੰਸ ਵਿਭਾਗ ਦੀ ਮੁਖੀ ਪ੍ਰੋ. ਰਸ਼ਮੀ ਅਰੋੜਾ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਵਿਦਿਆਰਥੀਆਂ ਨੂੰ ਸਾਫ਼ਟਵੇਅਰ ਪ੍ਰੋਗਰਾਮਿੰਗ, ਵੈਬ ਡਿਜ਼ਾਇਨਿੰਗ, ਡਿਜ਼ਿਟਲ ਲਿਟਰੇਸੀ ਅਤੇ ਆਰਟੀਫ਼ੀਸ਼ਿਅਲ ਇੰਟੈਲੀਜੈਂਸ ਆਦਿ ਵਿਸ਼ਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਕਰੀਅਰ ਗਾਈਡੈਂਸ ਵੀ ਦਿੱਤੀ ਗਈ। ਇਸ ਕੋਰਸ ਦੀ ਕੋਆਰਡੀਨੇਸ਼ਨ ਡਾ. ਦੇਵਿੰਦਰ ਸਿੰਘ ਵੱਲੋਂ ਬਾਖ਼ੂਬੀ ਕੀਤੀ ਗਈ ਜਿਨ੍ਹਾਂ ਨੇ ਸਭ ਪ੍ਰੈਕਟੀਕਲ ਸੈਸ਼ਨਾਂ ਦਾ ਸੁਚਾਰੂ ਪ੍ਰਬੰਧ ਯਕੀਨੀ ਬਣਾਇਆ। ਕੋਰਸ ਦੇ ਅਖੀਰ ਵਿਚ ਇਕ ਇੰਟਰੈਕਟਿਵ ਚਰਚਾ ਸੈਸ਼ਨ ਹੋਇਆ ਜਿਸ ਵਿਚ ਡਾ. ਨਵਦੀਪ ਸਿੰਘ, ਡਾ. ਮੁਕੇਸ਼ ਕੁਮਾਰ, ਪ੍ਰੋ. ਹਰਸਿਮਰਤ ਕੌਰ, ਡਾ. ਦੇਵਿੰਦਰ ਕੌਰ, ਪ੍ਰੋ. ਜੋਗਾ ਸਿੰਘ, ਡਾ. ਕਮਲਜੀਤ ਕੌਰ ਸਰਾਓ ਅਤੇ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਵੱਖ-ਵੱਖ ਵਿਸ਼ਿਆਂ ਸਬੰਧੀ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਇਸ ਮਗਰੋਂ ਵਿਦਿਆਰਥੀਆਂ ਨੇ ਕੋਰਸ ਸਬੰਧੀ ਆਪਣੀ ਸਕਾਰਾਤਮਕ ਪ੍ਰਤੀਕਿਰਿਆ ਅਤੇ ਮਹੱਤਵਪੂਰਨ ਅਨੁਭਵ ਵੀ ਸਾਂਝੇ ਕੀਤੇ। ਕੋਰਸ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਕੋਰਸ ਸਮਗਰੀ ਵੀ ਪ੍ਰਦਾਨ ਕੀਤੀ ਗਈ।