ਸਥਾਨਕ ਚੋਣਾਂ - ਗਰਮੀ ਨਾਲੋਂ ਸਿਆਸੀ ਪਾਰਾ ਜ਼ਿਆਦਾ ਵਧਿਆ
ਸੜਕ ਇੱਕ, ਦਾਅਵੇਦਾਰ ਤਿੰਨ: ‘ਆਪ’-ਕਾਂਗਰਸ ਦੀ ਕ੍ਰੈਡਿਟ ਵਾਰ ਵਿਚ ਅਦਾਲਤ ਦਾ ਪਟੀਸ਼ਨਕਾਰ
Publish Date: Thu, 21 May 2026 06:24 PM (IST)
Updated Date: Fri, 22 May 2026 04:13 AM (IST)

- ਭਗਤ ਸਦਨਾ ਦੀ ਮਸਜਿਦ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਦੀ ਸੜਕ ਬਣੀ ਸਿਆਸੀ ਅਖਾੜਾ -ਵਿਧਾਇਕ ਰਾਏ ਤੇ ਸਾਬਕਾ ਵਿਧਾਇਕ ਨਾਗਰਾ ਦੇ ਦਾਅਵਿਆਂ ਵਿਚਕਾਰ ਐਡਵੋਕੇਟ ਅਨਿਲ ਗੁਪਤਾ ਦੀ ਐਂਟਰੀ ਪਰਗਟ ਸਿੰਘ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਨਗਰ ਕੌਂਸਲ ਸਰਹਿੰਦ ’ਚ ਹੋ ਰਹੀਆਂ ਸਥਾਨਕ ਚੋਣਾਂ ਦਰਮਿਆਨ ਮੌਸਮ ਦੇ ਨਾਲ-ਨਾਲ ਸਿਆਸੀ ਪਾਰਾ ਵੀ ਚੜ੍ਹ ਰਿਹਾ ਹੈ। ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਗਰਮੋ ਗਰਮੀ ਹੋ ਰਹੇ ਹਨ। ਇਨ੍ਹਾਂ ਚੋਣਾਂ ’ਚ ਪ੍ਰਚਾਰ ਵਿਚ ਜ਼ੁਬਾਨੀ ਜੰਗ ਤੇ ਦੋਸ਼-ਪ੍ਰਤੀਦੋਸ਼ ਸਿਖਰ ’ਤੇ ਹਨ। ਚੋਣ ਪ੍ਰਚਾਰ ਦੌਰਾਨ ਸਰਹਿੰਦ ਦੀ ਇਕ ਅਧੂਰੀ ਸੜਕ ਸਿਆਸੀ ਮੁੱਦਾ ਬਣ ਗਈ ਹੈ। ਇਸ ਸੜਕ ’ਤੇ ਵਿਧਾਇਕ ਲਖਬੀਰ ਸਿੰਘ ਰਾਏ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਿਚਕਾਰ ‘ਕ੍ਰੈਡਿਟ ਵਾਰ’ ਸ਼ੁਰੂ ਹੋ ਗਈ ਹੈ। ਇਸ ਦੌਰਾਨ ਤੀਜੀ ਧਿਰ ਦੀ ਵੀ ਐਂਟਰੀ ਹੋਈ। ਐਡਵੋਕੇਟ ਅਨਿਲ ਗੁਪਤਾ ਦਾ ਦਾਅਵਾ ਹੈ ਕਿ ਸੜਕ ਦਾ ਕੰਮ ਉਨ੍ਹਾਂ ਦੀ ਪਟੀਸ਼ਨ ਤੋਂ ਬਾਅਦ ਸ਼ੁਰੂ ਹੋਇਆ। ਹੁਣ ‘ਸੜਕ ਇੱਕ, ਦਾਅਵੇਦਾਰ ਤਿੰਨ’ ਦੀ ਚਰਚਾ ਹਰ ਗਲੀ ਮੁਹੱਲੇ ਵਿਚ ਹੈ। ਦੱਸਣਯੋਗ ਹੈ ਕਿ ਸਰਹਿੰਦ ਸ਼ਹਿਰ (ਓਲਡ ਸਿਟੀ) ਵਿਚ ਭਗਤ ਸਦਨਾ ਦੀ ਮਸਜਿਦ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਸੜਕ ਦੀ ਹਾਲਤ ਖਸਤਾ ਸੀ। 7 ਜਨਵਰੀ 2026 ਨੂੰ ਵਿਧਾਇਕ ਲਖਬੀਰ ਸਿੰਘ ਰਾਏ ਨੇ ਇਸ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਪਰ ਕੰਮ ਅਜੇ ਤੱਕ ਵੀ ਅਧੂਰਾ ਹੈ। ਐਮਸੀ ਚੋਣਾਂ ਆਉਂਦਿਆਂ ਹੀ ਇਹ ਸੜਕ ਸਿਆਸੀ ਅਖਾੜਾ ਬਣ ਗਈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਦਾਅਵਾ ਹੈ ਕਿ ਇਹ ਸੜਕ ਕਾਂਗਰਸ ਦੇ ਤਿੰਨ ਕੌਂਸਲਰਾਂ ਦੇ ਵਾਰਡ ਵਿਚ ਹੈ। ਪਿਛਲੀ ਕੌਂਸਲ ਵਿਚ ਕਾਂਗਰਸ ਦਾ ਬਹੁਮਤ ਸੀ। ਸੜਕ ਦਾ ਪ੍ਰਸਤਾਵ ਕੌਂਸਲ ਹਾਊਸ ਵਿਚ ਕਾਂਗਰਸੀ ਕੌਂਸਲਰਾਂ ਨੇ ਪਾਸ ਕਰਵਾਇਆ, ਪਰ ਨੀਂਹ ਪੱਥਰ ’ਤੇ ਈਓ ਦਾ ਨਾਂ ਲਿਖਿਆ ਗਿਆ। ਕੌਂਸਲ ਪ੍ਰਧਾਨ ਅਸ਼ੋਕ ਸੂਦ ਤੇ ਕਾਂਗਰਸੀ ਕੌਂਸਲਰਾਂ ਦਾ ਨਾਂ ਨਹੀਂ ਦਿੱਤਾ। ਕੁਲਜੀਤ ਨਾਗਰਾ ਦਾ ਕਹਿਣਾ ਹੈ ਕਿ ਆਪ ਵਿਧਾਇਕ ਕਾਂਗਰਸ ਦੇ ਕੰਮ ਦਾ ਕ੍ਰੈਡਿਟ ਲੈ ਰਹੇ ਹਨ। ਜਦੋਂਕਿ ਵਿਧਾਇਕ ਲਖਬੀਰ ਸਿੰਘ ਰਾਏ ਨੇ ਦਸਤਾਵੇਜ਼ ਵਿਖਾਉਂਦਿਆ ਦਾਅਵਾ ਕੀਤਾ ਹੈ ਕਿ ਕੌਂਸਲ ਨੇ ਹਾਊਸ ਦੀ ਮੀਟਿੰਗ ਵਿਚ ਇਹ ਪ੍ਰਸਤਾਵ ਰੱਦ ਕਰ ਦਿੱਤਾ ਸੀ। ਵਿਧਾਇਕ ਰੱਦ ਪ੍ਰਸਤਾਵ ਦੀ ਕਾਪੀ ਵੀ ਪੇਸ਼ ਕਰ ਰਹੇ ਹਨ। ਰਾਏ ਬੋਲੇ, ਮੇਰੇ ਯਤਨਾਂ ਨਾਲ ਹੀ ਖਸਤਾਹਾਲ ਸੜਕ ਦਾ ਕੰਮ ਸ਼ੁਰੂ ਹੋਇਆ ਹੈ। ਆਪ ਤੇ ਕਾਂਗਰਸ ਦੀ ਇਸ ਕ੍ਰੈਡਿਟ ਵਾਰ ਵਿਚ ਐਡਵੋਕੇਟ ਅਨਿਲ ਗੁਪਤਾ ਦੀ ਐਂਟਰੀ ਹੋਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਸਥਾਈ ਲੋਕ ਅਦਾਲਤ ਵਿਚ ਭਗਤ ਸਦਨਾ ਦੀ ਮਸਜਿਦ ਤੋਂ ਲੈ ਕੇ ਸਰਹਿੰਦ ਮੰਡੀ ਵਿਚ ਬੀਡੀਪੀਓ ਦਫ਼ਤਰ ਤੱਕ ਖਸਤਾਹਾਲ ਸੜਕ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ। ਭਗਤ ਸਦਨਾ ਦੀ ਮਸਜਿਦ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਦਾ ਰਸਤਾ ਇਸ ਦਾ ਹਿੱਸਾ ਹੈ। ਅਦਾਲਤ ਨੇ ਅਫ਼ਸਰਾਂ ਨੂੰ ਤਲਬ ਕੀਤਾ। ਦਬਾਅ ਵਿਚ ਅਫ਼ਸਰਾਂ ਨੇ ਪ੍ਰੋਜੈਕਟ ਬਣਾਇਆ। ਅਦਾਲਤ ਦੇ ਹੁਕਮਾਂ ’ਤੇ ਹੀ ਕੰਮ ਸ਼ੁਰੂ ਹੋਇਆ। ਹਾਲੇ ਹੁਕਮਾਂ ਦੀ ਐਗਜ਼ੀਕਿਊਸ਼ਨ ਪੈਂਡਿੰਗ ਹੈ। ਡੱਬੀ- ਸ਼ੋਸਲ ਮੀਡੀਆ ਤੇ ਪੋਸਟ ਵਾਰ ਭਗਤ ਸਦਨਾ ਦੀ ਮਸਜਿਦ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਸੜਕ ਦਾ ਕੰਮ ਅਧੂਰਾ ਹੈ, ਪਰ ‘ਕ੍ਰੈਡਿਟ ਵਾਰ ਤੇਜ਼਼ ਹੈ। ਇੰਟਰਨੈੱਟ ਮੀਡੀਆ ’ਤੇ ਪੋਸਟ ਵਾਰ ਚੱਲ ਰਹੀ ਹੈ। ਵੋਟਰ ਪੁੱਛ ਰਹੇ ਹਨ ਕਿ ਸੜਕ ਕਿਸ ਨੇ ਬਣਵਾਈ, ਇਹ ਬਾਅਦ ਵਿਚ ਤੈਅ ਹੋਵੇਗਾ, ਪਹਿਲਾਂ ਟੋਏ ਤਾਂ ਭਰਵਾਓ। ਚੋਣਾਂ ਵਿਚ ਹੁਣ ਦੇਖਣਾ ਹੈ ਕਿ ਇਸ ਕ੍ਰੈਡਿਟ ਵਾਰ ਦਾ ਫਾਇਦਾ ਕਿਸ ਨੂੰ ਮਿਲਦਾ ਹੈ।