ਮਜ਼ਦੂਰ ਦਿਵਸ ਮੌਕੇ ਟਰਾਂਸਪੋਰਟ ਵਿਭਾਗ ਦੇ ਗੇਟ ’ਤੇ ਗਰਜੇ ਕੱਚੇ ਮੁਲਾਜ਼ਮ
ਮਜ਼ਦੂਰ ਦਿਵਸ ਮੌਕੇ ਟਰਾਂਸਪੋਰਟ ਵਿਭਾਗ ਦੇ ਗੇਟ ’ਤੇ ਗਰਜੇ ਕੱਚੇ ਮੁਲਾਜ਼ਮ
Publish Date: Fri, 01 May 2026 04:10 PM (IST)
Updated Date: Sat, 02 May 2026 04:03 AM (IST)

ਪੰਜਾਬੀ ਜਾਗਰਣ ਰਿਪੋਰਟਰ, ਸੰਗਰੂਰ : ਮਜ਼ਦੂਰ ਦਿਵਸ ਮੌਕੇ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸੰਗਰੂਰ ਡਿੱਪੂ ਦੇ ਗੇਟ ’ਤੇ ਝੰਡਾ ਲਹਿਰਾਇਆ ਗਿਆ ਤੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਫੇਰ ਤੋਂ ਮੌਜੂਦਾ ਹਲਾਤਾ ਵਿਚ ਭਾਰਤ ਸਰਕਾਰ ਲੇਬਰ ਕੋਡ ਵਿੱਚ ਸੋਧ ਦੇ ਨਾਮ ’ਤੇ ਸਾਰੇ ਹੱਕ ਖੋਹਣ ’ਤੇ ਲੱਗੀ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਵੀ ਪਿੱਛੇ ਨਹੀਂ ਰਹੀ, ਕਿਉਂਕਿ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਹਮਾਇਤ ਦੇ ਵਾਅਦੇ ਕਰਕੇ ਤੇ ਆਪਣੇ ਆਪ ਨੂੰ ਆਮ ਆਦਮੀ ਦੇ ਨਾਮ ਨਾਲ ਜੋੜ ਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਆਪ ਸਰਕਾਰ ਹੁਣ ਕਾਰਪੋਰੇਟ ਘਰਾਣਿਆਂ ਦੀ ਤੇ ਖਾਸ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ। ਇਸ ਦਾ ਨਮੂਨਾ ਟਰਾਂਸਪੋਰਟ ਵਿਭਾਗ ਵਿਚ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਖ਼ਜ਼ਾਨੇ ਦੀ ਕਰੋੜਾਂ ਰੁਪਏ ਲੁੱਟ ਨੂੰ ਖੁੱਲ੍ਹ ਦੇਣ ਲਈ ਮੁਲਾਜ਼ਮਾਂ ਉਪਰ 307 ਦੇ ਪਰਚੇ ਦਰਜ ਕਰਕੇ 5 ਮਹੀਨਿਆਂ ਤੋਂ ਸੰਗਰੂਰ ਜੇਲ੍ਹ ਵਿਚ ਬੰਦ ਕਰਨਾ ਇਹ ਸਾਬਿਤ ਕਰਦਾ ਹੈ ਕਿ ਆਪਣੇ ਚਹੇਤਿਆਂ ਦੇ ਘਰ ਭਰਨ ਲਈ ਮਜ਼ਦੂਰ ਮੁਲਾਜ਼ਮ ਕਿਸਾਨ ਜਥੇਬੰਦੀਆਂ ਤੇ ਪੁਲਿਸ ਤੰਤਰ ਨਾਲ ਡੰਡੇ ਦੇ ਜ਼ੋਰ ਨਾਲ ਪਰਚੇ ਦਰਜ ਕਰਕੇ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਜਿਸ ਦਾ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ। ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਵਾਈਸ ਸੂਬਾ ਆਗੂ ਕਰਮਜੀਤ ਸਿੰਘ ਕਰਮਾ, ਕੈਸ਼ੀਅਰ ਸਤਵਿੰਦਰ ਸਿੰਘ ਦਿਆਲਗੜ੍ਹ, ਸਹਾਇਕ ਕੈਸ਼ੀਅਰ ਰਿੰਕੂ ਨਾਥ, ਮੀਤ ਪ੍ਰਧਾਨ ਪਰਮਿੰਦਰ ਸਿੰਘ ਜੱਸੜ, ਵਾਈਸ ਪ੍ਰਧਾਨ ਲਖਵਿੰਦਰ ਸਿੰਘ ਬਿੱਟੂ,ਮੀਤ ਪ੍ਰਧਾਨ ਪੁਸ਼ਪਿੰਦਰ ਸਿੰਘ ਸਮਾਣਾ, ਨਵੀਂ ਭਰਤੀ ਪ੍ਰਧਾਨ ਬਲਜੀਤ ਸਿੰਘ ਖੇਤਲਾ, ਰਾਮ ਸਿੰਘ, ਜਰਨਲ ਸੈਕਟਰੀ ਇੰਦਰਪਾਲ ਸਿੰਘ ਪੁੰਨਾਵਾਲ ਸੀਟੂ, ਸਤਵੀਰ ਸਿੰਘ ਤੁੰਗਾਂ, ਰਾਮ ਸਿੰਘ, ਮਨਦੀਪ ਕੁਮਾਰੀ, ਜਸਵਿੰਦਰ ਕੌਰ ਨੀਲੋਵਾਲ ਜਿਲ੍ਹਾ ਪ੍ਰਧਾਨ, ਪ੍ਰਕਾਸ਼ ਕੌਰ ਅਨਦਾਨਾ ਬਲਾਕ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਪੱਕੀ ਭਰਤੀ ਕਰਨ ਦੇ ਦਾਅਵੇ ਕਰਦੇ ਹਨ ਉੱਥੇ ਟਰਾਂਸਪੋਰਟ ਵਿਭਾਗ ਵਿੱਚ ਵੱਡੇ ਪੱਧਰ ਤੇ ਆਊਟ ਸੋਰਸ ਤੇ ਰਿਸ਼ਵਤਖੋਰੀ ਰਾਹੀਂ ਭਰਤੀਆ ਕੀਤੀਆਂ ਜਾ ਰਹੀ ਹਨ। ਉਨ੍ਹਾਂ ਦੱਸਿਆ ਕਿ 10 ਮਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਹਲਕੇ ਵਿੱਚ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ, 18 ਮਈ ਨੂੰ ਇੱਕ ਰੋਜ਼ਾ ਹੜਤਾਲ ਕਰਕੇ ਸਮੂਹ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਿਆ ਜਾਣਗੇ ਅਤੇ ਫੇਰ 25-26-27 ਮਈ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ।