ਅਫਰੀਕੀ ਕਲਾਕਾਰਾਂ ਨੇ ਪਟਿਆਲਾ ਦੀ ਸੱਭਿਆਚਾਰਕ ਵਿਰਾਸਤ ਨੂੰ ਕੈਨਵਸ ‘ਤੇ ਉਕੇਰਿਆ
ਅਫਰੀਕੀ ਕਲਾਕਾਰਾਂ ਨੇ ਪਟਿਆਲਾ ਦੀ ਸੱਭਿਆਚਾਰਕ ਵਿਰਾਸਤ ਨੂੰ ਕੈਨਵਸ ‘ਤੇ ਉਕੇਰਿਆ
Publish Date: Fri, 22 May 2026 06:36 PM (IST)
Updated Date: Sat, 23 May 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਚੌਥੇ ਭਾਰਤ-ਅਫਰੀਕਾ ਫੋਰਮ ਸ਼ਿਖਰ ਸੰਮੇਲਨ (ਆਈਏਐੱਫਐੱਸ-IV) ਤੋਂ ਪਹਿਲਾਂ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ (ਐੱਨਜ਼ੈੱਡਸੀਸੀ) ਵੱਲੋਂ ਵਿਰਸਾ ਵਿਹਾਰ ਕੇਂਦਰ, ਪਟਿਆਲਾ ਵਿੱਚ 21 ਤੋਂ 23 ਮਈ 2026 ਤੱਕ ‘ਅੰਤਰਰਾਸ਼ਟਰੀ ਚਿੱਤਰਕਾਰ ਕੈਂਪ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੌਥੇ ਭਾਰਤ-ਅਫਰੀਕਾ ਫੋਰਮ ਸ਼ਿਖਰ ਸੰਮੇਲਨ ਦਾ ਆਯੋਜਨ 31 ਮਈ 2026 ਨੂੰ ਨਵੀਂ ਦਿੱਲੀ ਵਿੱਚ ਕੀਤਾ ਜਾਵੇਗਾ, ਜਿਸ ਦੀ ਸਾਂਝੀ ਮੇਜ਼ਬਾਨੀ ਵਿਦੇਸ਼ ਮੰਤਰਾਲਾ ਅਤੇ ਸੱਭਿਆਚਾਰ ਮੰਤਰਾਲਾ ਕਰਨਗੇ। ਇਸੇ ਤਹਿਤ ਸੱਭਿਆਚਾਰਕ ਆਉਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ 54 ਅਫਰੀਕੀ ਦੇਸ਼ਾਂ ਵਿੱਚੋਂ ਹਰ ਇਕ ਦੇਸ਼ ਤੋਂ ਇੱਕ ਪ੍ਰਸਿੱਧ ਚਿੱਤਰਕਾਰ ਅਤੇ ਦ੍ਰਿਸ਼ ਕਲਾਕਾਰ ਨੂੰ ਭਾਰਤ ਸੱਦਾ ਦਿੱਤਾ ਗਿਆ ਹੈ। ਪਟਿਆਲਾ ਵਿੱਚ ਕਰਵਾਏ ਜਾ ਰਹੇ ਇਸ ਵਿਸ਼ੇਸ਼ ਕੈਂਪ ਦੌਰਾਨ ਕਲਾਕਾਰਾਂ ਨੇ ਸ਼ਹਿਰ ਦੀਆਂ ਇਤਿਹਾਸਕ ਅਤੇ ਸੱਭਿਆਚਾਰਕ ਧਰੋਹਰਾਂ ਦਾ ਦੌਰਾ ਕੀਤਾ। ਕਲਾਕਾਰਾਂ ਨੇ ਸ਼ੀਸ਼ ਮਹਲ, ਨੇਤਾਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ, ਸਰਕਾਰੀ ਮੋਹਿੰਦਰਾ ਕਾਲਜ, ਕਿਲਾ ਮੁਬਾਰਕ, ਪ੍ਰਸਿੱਧ ਕਾਲੀ ਮਾਤਾ ਮੰਦਰ ਅਤੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਰਗੇ ਮਹੱਤਵਪੂਰਨ ਸਥਾਨਾਂ ਦਾ ਦੌਰਾ ਕਰਕੇ ਉਥੋਂ ਦੀ ਕਲਾ, ਵਾਸਤੂਕਲਾ, ਇਤਿਹਾਸ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਨੇੜੇ ਤੋਂ ਜਾਣਿਆ ਅਤੇ ਸਮਝਿਆ। ਐੱਨਜ਼ੈੱਡਸੀਸੀ ਦੇ ਪ੍ਰਸ਼ਾਸਕੀ ਅਧਿਕਾਰੀ ਸ੍ਰੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੌਰਿਆਂ ਰਾਹੀਂ ਕਲਾਕਾਰਾਂ ਨੂੰ ਪੰਜਾਬ ਦੀ ਸੰਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਮਹਿਸੂਸ ਕਰਨ ਅਤੇ ਆਪਣੀਆਂ ਕਲਾਤਮਕ ਰਚਨਾਵਾਂ ਲਈ ਪ੍ਰੇਰਣਾ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਕਲਾਕਾਰ “ਅਫਰੀਕਾ ਦੀ ਨਜ਼ਰ ਤੋਂ ਭਾਰਤ” ਵਿਸ਼ੇ ਅਧੀਨ ਚਿੱਤਰਾਂ ਅਤੇ ਰੇਖਾ-ਚਿੱਤਰਾਂ ਰਾਹੀਂ ਭਾਰਤੀ ਸੱਭਿਆਚਾਰ ਨੂੰ ਆਪਣੀ ਵਿਲੱਖਣ ਕਲਾ ਸ਼ੈਲੀ ਵਿੱਚ ਪੇਸ਼ ਕਰ ਰਹੇ ਹਨ। ਇਸ ਕੈਂਪ ’ਚ ਨਾਮੀਬੀਆ ਤੋਂ ਸੁਸ਼ਰੀ ਐਡਿਥ ਵਾਸਰਫਾਲ, ਘਾਨਾ ਤੋਂ ਸੁਸ਼ਰੀ ਅਨੀਤਾ ਪਰਲ ਮਵਿੰਨਾਬਾਂਗ ਅੰਕੋਰ, ਜਿੰਬਾਬਵੇ ਤੋਂ ਸ੍ਰੀ ਕੀਥ ਜ਼ੇਂਡਾ ਅਤੇ ਜ਼ਾਮਬੀਆ ਤੋਂ ਸਟਾਰੀ ਮਵਾਬਾ ਭਾਗ ਲੈ ਰਹੇ ਹਨ। ਇਹ ਚਿੱਤਰਕਾਰ ਕੈਂਪ ਭਾਰਤ ਅਤੇ ਅਫਰੀਕੀ ਦੇਸ਼ਾਂ ਵਿਚਕਾਰ ਸੱਭਿਆਚਾਰਕ ਆਦਾਨ-ਪ੍ਰਦਾਨ, ਕਲਾਤਮਕ ਸੰਵਾਦ ਅਤੇ ਰਚਨਾਤਮਕ ਸਹਿਯੋਗ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਉਭਰ ਰਿਹਾ ਹੈ। ਕੈਂਪ ਦੌਰਾਨ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਚੌਥੇ ਭਾਰਤ-ਅਫਰੀਕਾ ਫੋਰਮ ਸ਼ਿਖਰ ਸੰਮੇਲਨ ਦੌਰਾਨ ਅਤੇ ਇਸ ਤੋਂ ਬਾਅਦ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਭਾਰਤ ਤੇ ਅਫਰੀਕਾ ਵਿਚਕਾਰ ਗਹਿਰੀ ਦੋਸਤੀ ਅਤੇ ਵਧ ਰਹੀ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਬਣਣਗੀਆਂ।