ਐੱਨਜ਼ੈੱਡਸੀਸੀ ਵੱਲੋਂ ਢਾਡੀ ਗਾਇਨ ਵਾਰਾਂ ਰਾਹੀਂ ਪੇਸ਼ ਕੀਤੀ ਸ਼ਾਨਦਾਰ ਪੇਸ਼ਕਾਰੀ
ਐਨ ਜ਼ੈੱਡ ਸੀ ਸੀ ਵੱਲੋਂ ਢਾਡੀ ਗਾਇਨ ਵਾਰਾਂ ਰਾਹੀਂ ਪੇਸ਼ ਕੀਤੀ ਗਈ ਸ਼ਾਨਦਾਰ ਪੇਸ਼ਕਾਰੀ
Publish Date: Tue, 24 Mar 2026 06:19 PM (IST)
Updated Date: Tue, 24 Mar 2026 06:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਸ਼ਹੀਦ ਦਿਵਸ ਮੌਕੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਦਿੱਤੀ ਗਈਆਂ ਕੁਰਬਾਨੀਆਂ, ਸ਼ਹਾਦਤ ਤੇ ਉਨ੍ਹਾਂ ਦੇ ਲਿਖਤੀ ਵਿਚਾਰਾਂ ਬਾਰੇ ਇਕ ਸ਼ਾਨਦਾਰ ਪ੍ਰੋਗਰਾਮ ਢਾਡੀ ਗਾਇਨ ਵਾਰਾਂ ਦੇ ਰੂਪ ਇਕ ਸਫ਼ਲ ਸਮਾਗਮ ਸੱਭਿਆਚਾਰ ਕੇਂਦਰ ਦੇ ਡਾਇਰੈਕਟਰ ਐਮ ਫੁਰਕਾਨ ਖਾਨ ਦੀ ਅਗਵਾਈ ਹੇਠ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਕਰਵਾਇਆ ਗਿਆ। ਸਮਾਗਮ ’ਚ ਪ੍ਰਸਿੱਧ ਢਾਡੀ ਗਾਇਨ ਪੇਸ਼ ਕਰਨ ਵਾਲੇ ਮੰਡੇਰ ਭਰਾਵਾਂ ਦੀ ਟੀਮ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਸ ਨਾਲ ਸਾਰਾ ਪੰਡਾਲ ਮੰਤਰ ਮੁਗਧ ਹੋ ਗਿਆ ਤੇ ਸੱਚਮੁੱਚ ਹੀ ਉਨ੍ਹਾਂ ਵੱਲੋਂ ਗਾਏ ਗਏ ਗਾਇਨ ਅਤੇ ਉਹਨਾਂ ਦੇ ਸਾਜਾਂ ਜਿਵੇਂ ਦੋ ਤਾਰਾ, ਅਲਗੋਜਾ, ਤੂੰਬੀ ਅਤੇ ਤਬਲੇ ਦੀ ਥਾਪ ਤੇ ਇੱਕ ਨਰੋਇਆ ਸੱਭਿਆਚਾਰਕ ਵਿਰਾਸਤ ਦਾ ਨਜ਼ਾਰਾ ਪੇਸ਼ ਕੀਤਾ ਗਿਆ। ਇਨ੍ਹਾਂ ਕਲਾਕਾਰਾਂ ਦੀ ਟੀਮ ’ਚ ਜਸਵੰਤ ਸਿੰਘ ਮੰਡੇਰ, ਨਵਕੰਵਰ ਸਿੰਘ ਮੰਡੇਰ ਅਜਮੇਰ ਸਮਰਾ ਅਤੇ ਪੁਸ਼ਪਿੰਦਰ ਕੁਮਾਰ ਸ਼ਾਮਿਲ ਸਨ। ਇਸੇ ਮੌਕੇ ਹੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਵਿਸ਼ੇਸ਼ ਤੌਰ ਤੇ ਬੁਲਾਏ ਗਏ ਵਿਦਵਾਨਾਂ ਅਨੂਪਇੰਦਰ ਸਿੰਘ ਲਾਲੀ ਮੁਲਤਾਨੀ ਅਤੇ ਜਸਵੰਤ ਸਿੰਘ ਪੂਨੀਆ ਨੇ ਵੀ ਭਗਤ ਸਿੰਘ ਦੀ ਸੋਸਲੀਜਮ ਤੇ ਮਾਰਕਵਾਦ ਰਾਹੀਂ ਸਮਾਜ ਬਦਲਣ ਅਤੇ ਇਨਕਲਾਬ ਰਾਹੀ ਨੌਜਵਾਨਾਂ ਨੂੰ ਜਥੇਬੰਦਕ ਹੋ ਕੇ ਲੜਾਈ ਲੜਨ ਲਈ ਪ੍ਰੇਰਨ ਵਾਸਤੇ ਵਿਸ਼ੇਸ਼ ਚਰਚਾ ਕੀਤੀ। ਇਸ ਮੌਕੇ ਸਮਾਗਮ ਵਿਚ ਸ਼ਾਮਿਲ ਮੁੱਖ ਸਤਿਕਾਰ ਮਹਿਮਾਨਾਂ ਵਿਚ ਜੋਗਿੰਦਰ ਸਿੰਘ ਜਿੰਦੂ,ਐਡਵੋਕੇਟ ਡਾਕਟਰ ਧਰਮਪਾਲ ਗਰਗ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਰ ਐਸ ਐਸ ਦੇ ਮੁੱਖ ਪ੍ਰਚਾਰਕ ਸ਼ਾਮ ਵੀਰ ਸ਼ਾਮਿਲ ਸਨ। ਜਿਨਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸੱਭਿਆਚਾਰਕ ਕੇਂਦਰ ਦੇ ਡਾਇਰੈਕਟਰ ਐਮ ਫੁਰਕਾਨ ਖਾਨ ਨੂੰ ਵਧਾਈ ਦਿੱਤੀ। ਇਸ ਮੌਕੇ ਸਮਾਗਮ ਦੀ ਮੰਚ ਸੰਚਾਲਨਾ ਪੰਜਾਬੀ ਫਿਲਮਾਂ, ਸੀਰੀਅਲ ਅਤੇ ਰੰਗਮੰਚ ਦੇ ਕਲਾਕਾਰ ਸੁਰਿੰਦਰਜੀਤ ਪਾਠ ਨੇ ਬਾਖੂਬੀ ਨਿਭਾਈ।