4600 ਰੁਪਏ ਪੇ ਗ੍ਰੇਡ ਦੀ ਮੰਗ- ਹੜਤਾਲੀ ਨਰਸਾਂ ਨੇ ਖੜਕਾਈਆਂ ਥਾਲੀਆਂ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ,• ਪਟਿਆਲਾ : ਯੂਨਾਈਟਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਚੱਲ ਰਿਹਾ ਧਰਨਾ ਮੰਗਲਵਾਰ ਨੂੰ ਛੇਵੇਂ ਦਿਨ ਵੀ ਜਾਰੀ ਰਿਹਾ, ਜਿਸ ਦੌਰਾਨ ਹੜਤਾਲੀ ਨਰਸਿੰਗ ਕੈਡਰ ਵੱਲੋਂ ਥਾਲੀਆਂ ਵਜਾ ਕੇ ਸਰਕਾਰ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਦੂਜੇ ਪਾਸੇ ਵਿਭਾਗ ਵੱਲੋਂ ਹੜਤਾਲੀ ਨਰਸ਼ਿੰਗ ਸਟਾਫ ਨੂੰ ਆਖਰੀ ਵਾਰਨਿੰਗ ਵੀ ਜਾਰੀ ਕੀਤੀ ਗਈ ਹੈ, ਜਿਸਦਾ ਉਕਤ ਨਰਸਿੰਗ ਸਟਾਫ ਤੇ ਕੋਈ ਅਸਰ ਨਹੀਂ ਦਿੱਖਿਆ ਤੇ ਧਰਨਾ ਲਗਾਤਾਰ ਜਾਰੀ ਰਿਹਾ। ਨਰਸਿੰਗ ਸਟਾਫ ਦਾ ਕਹਿਣਾ ਹੈ ਕਿ ਸਰਕਾਰ ਨੇ ਜਾਣ ਬੁੱਝ ਕੇ ‘ਏਸਮਾ’ ਐਕਟ ਲਗਾਇਆ ਹੈ ਜਦੋਂ ਕਿ ਉਨ੍ਹਾਂ ਵੱਲੋਂ ਐਮਰਜੈਂਸੀ ਸਮੇਤ ਜ਼ਰੂਰੀ ਸੇਵਾਵਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ। ਨਰਸਿੰਗ ਕੈਡਰ ਦਾ ਕਹਿਣਾ ਹੈ ਕਿ ਉਹ ਆਮ ਜਨਤਾ ਨੂੰ ਸਿਹਤ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਹੀਂ ਪੈਦਾ ਕਰਨਾ ਚਾਹੁੰਦੇ ਪਰ ਮਜਬੂਰੀ ਵਸ਼ ਉਨਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਕੰਮ ਛੱਡ ਕੇ ਧਰਨੇ ‘ਤੇ ਬੈਠਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਹੜਤਾਲ ‘ਤੇ ਬੈਠੇ ਨਰਸਿੰਗ ਸਟਾਫ ਆਪਣੀ 4600 ਗ੍ਰੇਡ ਪੇ ਦੀ ਬਹਾਲੀ ਦੀ ਮੰਗ ਲਈ ਡਟੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਦੇ ਆਗੂ ਜੁਝਾਰ ਸਿੰਘ ਨੇ ਦੱਸਿਆ ਕਿ ਸਰਕਾਰ ‘ਏਸਮਾ’ ਦਾ ਬਹਾਨਾ ਬਣਾ ਕੇ ਜਾਣ ਬੁੱਝ ਕੇ ਉਨ੍ਹਾਂ ਦੇ ਧਰਨੇ ਨੂੰ ਖਤਮ ਕਰਵਾਉਣਆ ਚਾਹੁੰਦੀ ਹੈ ਜਦੋਂ ਕਿ ਇਹ ਮੰਗ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਉਠਾਈ ਜਾ ਰਹੀ ਹੈ, ਜਿਸ ਸਬੰਧੀ ਕਈ ਵਾਰ ਮੀਟਿੰਗਾਂ ਵੀ ਹੋਈਆਂ ਤੇ ਪੱਤਰ ਵਿਹਾਰ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਰਨੇ ਸਬੰਧੀ ਵਿਭਾਗ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਤੇ ਹੜਤਾਲ ਦੌਰਾਨ ਵੀ ਉਕਤ ਨਰਸਿੰਗ ਸਟਾਫ ਵੱਲੋਂ ਐਮਰਜੈਂਸੀ ਸਮੇਤ ਜਰੂਰੀ ਸੇਵਾਵਾਂ ’ਤੇ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਾਰਵਾਈ ਕਰਨ ਸਬੰਧੀ ਪੱਤਰ ਆਇਆ ਸੀ, ਜਿਸਦਾ ਯੂਨੀਅਨ ਵੱਲੋਂ ਜਵਾਬ ਦਿੱਤਾ ਗਿਆ ਹੈ । ਰਾਜਿੰਦਰਾ ਹਸਪਤਾਲ ਦੀ ਓਪੀਡੀ ਸਾਹਮਣੇ ਹੜਤਾਲ ਤੇ ਬੈਠੇ ਸਟਾਫ ਨੇ ਦੱਸਿਆ ਕਿ ਅੱਜ ਨਰਸਿੰਗ ਕੇਡਰ ਵੱਲੋਂ ਥਾਲੀਆਂ ਖੜਕਾਈਆਂ ਗਈਆਂ ਹਨ ਤਾਂ ਕਿ ਇਨ੍ਹਾਂ ਥਾਲੀਆਂ ਦੀ ਗੂੰਜ ਸਰਕਾਰ ਤੱਕ ਪਹੁੰਚੇ ਅਤੇ ਸਰਕਾਰ ਸਮੂਹ ਨਰਸਿੰਗ ਕੈਡਰ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਜਲਦੀ ਕਦਮ ਚੁੱਕੇ।