ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਪਾਂਡੇ ਵੱਲੋਂ ਸਰਹਿੰਦ ਸਟੇਸ਼ਨ ਦਾ ਨਿਰੀਖਣ
ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਵੱਲੋਂ ਸਰਹਿੰਦ ਸਟੇਸ਼ਨ ਦਾ ਨਿਰੀਖਣ
Publish Date: Mon, 20 Apr 2026 07:00 PM (IST)
Updated Date: Mon, 20 Apr 2026 07:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਨੇ ਸਰਹਿੰਦ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਰੇਲਵੇ ਸਟੇਸ਼ਨ ’ਤੇ ਬੂਟੇ ਲਗਾਏ ਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਤੋਂ ਪਹਿਲਾਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਵੀ ਦੌਰਾ ਕੀਤਾ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਮਾਰਕੀਟ ਕਮੇਟੀ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਮੇਤ ਵੱਖ-ਵੱਖ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਨੇ ਜਨਰਲ ਮੈਨੇਜਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪੇ। ਇਸ ਮੌਕੇ ਸਰਹਿੰਦ ਫਤਿਹਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੇਮੰਤ ਕੁਮਾਰ ਭੱਲਾ, ਸੁਰੇਂਦਰ ਮੋਹਨ ਆਦਿ ਨੇ ਜੀਐਮ ਨੂੰ ਜਾਣੂ ਕਰਵਾਇਆ ਕਿ ਸਰਹਿੰਦ ਫਤਿਹਗੜ੍ਹ ਸਾਹਿਬ ਮਹਾਨ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ। ਇਹ ਵਿਸ਼ਵ-ਪ੍ਰਸਿੱਧ ਤੀਰਥ ਸਥਾਨਾਂ ਜਿਵੇਂ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਵਰੂਪ ਸਾਹਿਬ, ਮਾਤਾ ਚਕਰੇਸ਼ਵਰੀ ਦੇਵੀ ਮੰਦਿਰ ਅਤੇ ਰੋਜ਼ਾ ਸ਼ਰੀਫ ਦਾ ਘਰ ਹੈ। ਭਾਰਤ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਰੋਜ਼ਾਨਾ ਇਨ੍ਹਾਂ ਸਥਾਨਾਂ ਤੇ ਰੇਲ ਰਾਹੀਂ ਪਹੁੰਚਦੇ ਹਨ, ਜਿਸ ਲਈ ਸਰਹਿੰਦ ਰੇਲਵੇ ਸਟੇਸ਼ਨ ਇਕ ਮੁੱਖ ਸਟਾਪ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਰਹਿੰਦ ਸਟੇਸ਼ਨ ਤੇ ਵੰਦੇ ਭਾਰਤ, ਦੁਰੰਤੋ ਐਕਸਪ੍ਰੈਸ, ਸ਼ਾਨੇ ਪੰਜਾਬ, ਸਵਰਨ ਸ਼ਤਾਬਦੀ, ਪੂਜਾ ਐਕਸਪ੍ਰੈਸ, ਸੰਪਰਕ ਕ੍ਰਾਂਤੀ ਅਤੇ ਗੋਲਡਨ ਟੈਂਪਲ ਮੇਲ ਵਰਗੀਆਂ ਅਹਿਮ ਰੇਲਗੱਡੀਆਂ ਦਾ ਠਹਿਰਾਅ ਯਕੀਨੀ ਬਣਾਇਆ ਜਾਵੇ। ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਨੇ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਦਿਆਂ ਜਲਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।