ਮੰਗਾਂ ਨਾ ਮੰਨੇ ਜਾਣ 'ਤੇ ਭੜਕੇ ਯੂਨੀਵਰਸਿਟੀ ਦੇ ਨਾਨ-ਟੀਚਿੰਗ ਮੁਲਾਜ਼ਮ
ਮੰਗਾਂ ਨਾ ਮੰਨੇ ਜਾਣ 'ਤੇ ਭੜਕੇ ਯੂਨੀਵਰਸਿਟੀ ਦੇ ਨਾਨ-ਟੀਚਿੰਗ ਮੁਲਾਜ਼ਮ
Publish Date: Thu, 28 May 2026 05:49 PM (IST)
Updated Date: Fri, 29 May 2026 04:08 AM (IST)

ਕੱਲ੍ਹ ਤੋਂ ਪੂਰਨ ਤੌਰ ਤੇ ਕੰਮ-ਕਾਰ ਠੱਪ ਕਰਨ ਦਾ ਐਲਾਨ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਯੂਨੀਵਰਸਿਟੀ ਪ੍ਰਸ਼ਾਸਨ ਦੇ ਕਥਿਤ ਅੜੀਅਲ ਵਤੀਰੇ ਅਤੇ ਵਾਅਦਾਖਿਲਾਫੀ ਦੇ ਖਿਲਾਫ ਨਾਨ-ਟੀਚਿੰਗ ਕਰਮਚਾਰੀ ਐਸੋਸੀਏਸ਼ਨ ਨੇ ਵੱਡੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਯੂਨੀਅਨ ਵੱਲੋਂ ਸ਼ੁੱਕਰਵਾਰ ਤੋਂ ਯੂਨੀਵਰਸਿਟੀ ਦਾ ਸਾਰਾ ਕੰਮ-ਕਾਰ ਪੂਰੀ ਤਰ੍ਹਾਂ ਠੱਪ ਕਰਨ ਦਾ ਐਲਾਨ ਕੀਤਾ ਗਿਆ ਹੈ। ਮੁਲਾਜ਼ਮ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਣ ਸਿਰਫ਼ ਮੰਗਾਂ ਦੀ ਨਹੀਂ, ਸਗੋਂ ਮੁਲਾਜ਼ਮਾਂ ਦੀ ਇੱਜ਼ਤ ਅਤੇ ਹੋਂਦ ਦੀ ਲੜਾਈ ਬਣ ਚੁੱਕੀ ਹੈ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 4 ਮਹੀਨਿਆਂ ਤੋਂ ਆਪਣੇ ਹੱਕਾਂ ਲਈ ਬਿਲਕੁਲ ਸ਼ਾਂਤਮਈ ਢੰਗ ਨਾਲ ਧਰਨੇ ਤੇ ਬੈਠੇ ਹੋਏ ਸਨ। ਇਸ ਦੌਰਾਨ ਨਾ ਤਾਂ ਯੂਨੀਵਰਸਿਟੀ ਦਾ ਕੰਮ ਬੰਦ ਕਰਵਾਇਆ ਗਿਆ ਅਤੇ ਨਾ ਹੀ ਕਿਸੇ ਨੂੰ ਕੋਈ ਪਰੇਸ਼ਾਨੀ ਆਉਣ ਦਿੱਤੀ ਗਈ। ਪਰ ਅਥਾਰਟੀ ਵੱਲੋਂ ਇਸ ਸ਼ਾਂਤਮਈ ਧਰਨੇ ਨੂੰ ਵੀ ਕੋਰਟ ਵਿੱਚ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਮੁਲਾਜ਼ਮ ਆਪਣੇ ਹੱਕ ਮੰਗ ਕੇ ਕੋਈ ਗੁਨਾਹ ਕਰ ਰਹੇ ਹੋਣ। ਨਾਨ-ਟੀਚਿੰਗ ਕਰਮਚਾਰੀ ਐਸੋਸੀਏਸ਼ਨ ਨੇ ਪ੍ਰਸ਼ਾਸਨ ਤੇ ਵਾਅਦਾ ਖਿਲਾਫੀ ਦੇ ਦੋਸ਼ ਲਗਾਏ ਹਨ। ਐਸੋਸੀਏਸ਼ਨ ਅਨੁਸਾਰ ਫਰਵਰੀ ਮਹੀਨੇ ਵਿੱਚ ਅਥਾਰਟੀ ਨੇ ਭਰੋਸਾ ਦਿੱਤਾ ਸੀ ਕਿ 15 ਅਪ੍ਰੈਲ ਤੱਕ ਮੁਲਾਜ਼ਮਾਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ, ਜਿਸ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਸੀ। ਪਰ ਅੱਜ ਤੱਕ ਇੱਕ ਵੀ ਮੰਗ ਪੂਰੀ ਨਹੀਂ ਹੋਈ। ਮੁਲਾਜ਼ਮਾਂ ਨੂੰ ਸਿਰਫ਼ ਝੂਠੇ ਵਾਅਦੇ, ਟਾਲਮਟੋਲ ਅਤੇ ਬੇਇੱਜ਼ਤੀ ਹੀ ਮਿਲੀ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਜ ਵੀ ਨਾਨ-ਟੀਚਿੰਗ ਸਟਾਫ਼ ਚੁੱਪ ਰਿਹਾ, ਤਾਂ ਆਉਣ ਵਾਲੇ ਸਮੇਂ ਵਿੱਚ ਹਰ ਇੱਕ ਮੁਲਾਜ਼ਮ ਨੂੰ ਇਕੱਲਾ-ਇਕੱਲਾ ਕਰਕੇ ਅਧਿਕਾਰੀਆਂ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਵੇਗਾ। ਕਿਸੇ ਦੀ ਸੁਣਵਾਈ ਨਹੀਂ ਹੋਵੇਗੀ ਅਤੇ ਫਾਈਲਾਂ ਨੂੰ ਜਾਣਬੁੱਝ ਕੇ ਰੋਕਿਆ ਜਾਵੇਗਾ। ਐਸੋਸੀਏਸ਼ਨ ਨੇ ਸਾਰੇ ਮੁਲਾਜ਼ਮ ਅਪੀਲ ਕੀਤੀ ਹੈ ਕਿ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਕੰਮ-ਬੰਦ ਹੜਤਾਲ ਦਾ ਪੂਰਨ ਸਮਰਥਨ ਕਰਨ। ਇਸ ਦੇ ਨਾਲ ਹੀ ਦੂਜੇ ਮੁਲਾਜ਼ਮ ਆਗੂਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਰਾਜਨੀਤੀ ਨੂੰ ਪਾਸੇ ਰੱਖ ਕੇ ਮੁਲਾਜ਼ਮਾਂ ਦੇ ਹਿੱਤਾਂ ਲਈ ਇਕੱਠੇ ਹੋ ਕੇ ਮੈਦਾਨ ਵਿੱਚ ਨਿੱਤਰਨ।