ਫਾਇਲ ਨੰਬਰ ਸੱਤ ਨੂੰ ਰੱਦ ਕਰਕੇ ਇਸਨੂੰ ਲਗਾਓ ਜੀ

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੇ ਤੋਪ ਖਾਨਾ ਮੋੜ ਦਾ ਨਾਮ ਬਦਲ ਕੇ ‘ਬਾਬਾ ਰਾਮ ਦੇਵ ਚੌਕ’ ਕਰ ਦਿੱਤਾ ਗਿਆ ਹੈ ਪਰ ਉਦਘਾਟਨੀ ਪੇਟ ’ਤੇ ਕੌਂਸਲਰ ਦਾ ਨਾਮ ਨਾ ਹੋਣ ਨੂੰ ਲੈ ਕੇ ਅਜਿਹਾ ਰੌਲਾ ਪਿਆ ਕਿ ਪਾਰਟੀ ਹਾਈਕਮਾਂਡ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ। ਇਸ ਸਭ ਦੌਰਾਨ ਚੌਕ ਦਾ ਨਾਮ ਬਦਲਣ ਤੋਂ ਪਹਿਲਾਂ ਉਦਘਾਟਨੀ ਪਲੇਟਾਂ ਨੂੰ ਦੋ ਵਾਰ ਬਦਲਣਾ ਪਿਆ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀ ਇਤਿਹਾਸਕ ਅਤੇ ਧਾਰਮਿਕ ਪਛਾਣ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਪਟਿਆਲਾ ਦੇ ਤੋਪ ਖਾਨਾ ਮੋੜ ਦਾ ਨਾਮ ‘ਬਾਬਾ ਰਾਮਦੇਵ ਚੌਕ’ ਰੱਖਣ ਦਾ ਉਦਘਾਟਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਸਾਂਝੇ ਤੌਰ ’ਤੇ ਨਵੇਂ ਨਾਮ ਵਾਲੇ ਬੋਰਡ ਦਾ ਉਦਘਾਟਨ ਕੀਤਾ। ਸਮਾਗਮ ਦੌਰਾਨ ਇਲਾਕੇ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿਚ ਸਥਾਨਕ ਵਾਸੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਧਾਰਮਿਕ ਆਗੂ ਹਾਜ਼ਰ ਰਹੇ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਬਾਬਾ ਰਾਮਦੇਵ ਜੀ ਨੇ ਸਮਾਜ ਨੂੰ ਭਾਈਚਾਰੇ, ਸੇਵਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਦੇ ਨਾਮ ’ਤੇ ਚੌਕ ਦਾ ਨਾਮਕਰਨ ਕਰਨਾ ਪਟਿਆਲਾ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਮਹਾਨ ਸੰਤਾਂ ਅਤੇ ਮਹਾਪੁਰਖਾਂ ਦੀ ਧਰਤੀ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪਲੇਟ ’ਤੇ ਕੌਂਸਲਰ ਦਾ ਨਾਮ ਤੇ ਪਲੇਟ ਬਦਲਣ ਦੇ ਸਵਾਲ ’ਤੇ ਵਿਧਾਇਕ ਕੋਹਲੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਅਤੇ ਇਤਿਹਾਸਕ ਵਿਰਾਸਤ ਦਾ ਪੂਰਾ ਸਤਿਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ’ਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਲੋਕਾਂ ਦੀ ਸਹੂਲਤ ਲਈ ਨਵੀਆਂ ਯੋਜਨਾਵਾਂ ਲਗਾਤਾਰ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਗਰ ਨਿਗਮ ਵੱਲੋਂ ਕਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੋਪ ਖਾਨਾ ਮੋੜ ਨੂੰ ‘ਬਾਬਾ ਰਾਮਦੇਵ ਚੌਕ’ ਦੇ ਨਾਮ ਨਾਲ ਜਾਣਿਆ ਜਾਣਾ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜਿਸ ਨੂੰ ਹੁਣ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰਿਕਰਨ, ਸਫਾਈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਗਰ ਨਿਗਮ ਵਚਨਬੱਧ ਹੈ। ਇਸ ਮੌਕੇ ਵਾਰਡ ਨੰਬਰ 45 ਤੋਂ ਕੌਂਸਲਰ ਮੀਨਾ ਦੇਵੀ, ਐਕਸੀਅਨ ਨਰੇਂਨ ਦਾਸ, ਸਨੀ ਡਾਬੀ, ਵਿਕੀ ਖੱਤਰੀ, ਦੁਆਰਕਾ ਦਾਸ, ਕ੍ਰਿਸ਼ਨ ਬੰਟੂ ਖੱਤਰੀ, ਹਰੀ ਗਹਿਲੋਤ , ਸੁਰੇਸ਼ ਨਿਵਾਰਨ, ਸ਼ਾਮ ਲਾਲ ਖੱਤਰੀ, ਮੰਗਤ ਡਾਬੀ, ਨਗਰ ਨਿਗਮ ਅਧਿਕਾਰੀ, ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।