ਕਿਸੇ ਨਾਗਰਿਕ ਦੀ ਵੋਟ ਨਹੀਂ ਕੱਟਣ ਦੇਵਾਂਗੇ : ਡਾ. ਬਲਬੀਰ ਸਿੰਘ
ਆਮ ਆਦਮੀ ਪਾਰਟੀ ਪੰਜਾਬ ਦੇ ਕਿਸੇ ਨਾਗਰਿਕ ਦੀ ਵੋਟ ਨਹੀਂ ਕੱਟਣ ਦੇਵੇਗੀ-ਡਾ. ਬਲਬੀਰ ਸਿੰਘ
Publish Date: Fri, 22 May 2026 09:11 PM (IST)
Updated Date: Sat, 23 May 2026 04:13 AM (IST)

ਸਿਹਤ ਮੰਤਰੀ ਨੇ ਖੇਡ ਯੂਨੀਵਰਸਿਟੀ ਨੂੰ ਮਿਲੀਆਂ ਦੋ ਬੱਸਾਂ ਵਿਦਿਆਰਥੀਆਂ ਦੇ ਸਪੁਰਦ ਕੀਤੀਆਂ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜਨ ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਨਾਗਰਿਕ ਦੀ ਵੋਟ ਨਹੀਂ ਕੱਟਣ ਦਿੱਤੀ ਜਾਵੇਗੀ। ਅੱਜ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਚ 6 ਕਰੋੜ ਲੋਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਭਾਜਪਾ ਨੇ ਐਨ.ਆਰ.ਆਈ. ਦੀ ਟਰਮ ਦੀ ਜਗ੍ਹਾ ਹੁਣ (ਆਰ.ਐਨ.ਆਈ) ਰੈਜੀਡੈਂਟ ਨਾਨ ਇੰਡੀਅਨ ਬਣਾ ਦਿੱਤਾ ਹੈ, ਤੇ ਜਿਹੜੇ ਲੋਕਾਂ ਦੇ ਮਾਂ, ਬਾਪ ਤੇ ਦਾਦਾ ਇਸ ਦੇਸ਼ ਚ ਰਹਿੰਦਾ ਹੈ, ਉਨ੍ਹਾਂ ਦੀਆਂ ਵੀ ਵੋਟਾਂ ਕੱਟੀਆ ਜਾ ਰਹੀਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਐਸ.ਆਈ.ਆਰ. ਦੇ ਨਾਮ ਤੇ ਵੋਟਬੰਦੀ ਹੋਵੇਗੀ, ਜਿਸ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਦੀ ਟੀਮ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਬੰਗਾਲ ਤੋਂ ਬਾਅਦ ਅਗਲਾ ਨਿਸ਼ਾਨਾ ਪੰਜਾਬ ਹੈ, ਇਸ ਲਈ ਅਸੀਂ ਪੰਜਾਬ ਚ ਅਜਿਹਾ ਨਹੀਂ ਹੋਣ ਦੇਵਾਂਗ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਘਰ-ਘਰ ਸੰਪਰਕ ਕੀਤਾ ਜਾਵੇਗਾ, ਜਿਸ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਇੱਥੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀਆਂ ਦੋ ਨਵੀਆਂ ਬੱਸਾਂ ਤੇ ਇੱਕ ਨਵੀਂ ਅਰਟਿਗਾ ਗੱਡੀ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਲਈ ਪੁੱਜੇ ਹੋਏ ਸਨ। ਸਿਹਤ ਮੰਤਰੀ ਨੇ ਕਿਹਾ ਕਿ ਖੇਡ ਯੂਨੀਵਰਸਿਟੀ ਦਾ ਕੈਂਪਸ ਪਟਿਆਲਾ ਸ਼ਹਿਰ ਤੋਂ ਦੂਰ ਹੋਣ ਕਰ ਕੇ ਵਿਦਿਆਰਥੀਆਂ ਨੂੰ ਆ ਰਹੀ ਮੁਸ਼ਕਿਲ ਨਵੀਆਂ ਬੱਸਾਂ ਚੱਲਣ ਨਾਲ ਖ਼ਤਮ ਹੋ ਜਾਵੇਗੀ ਤੇ ਹੁਣ ਸਟਾਫ਼ ਸਮੇਤ ਵਿਦਿਆਰਥੀਆਂ ਨੂੰ ਆਵਾਜਾਈ ਦੀ ਚੰਗੀ ਸਹੂਲਤ ਪ੍ਰਦਾਨ ਹੋ ਗਈ ਹੈ। ਡਾ. ਬਲਬੀਰ ਸਿੰਘ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਸ ਵਾਰ ਬੰਗਾਲ ਵਿੱਚ ਹੋਇਆ ਉਹ ਪਹਿਲਾਂ ਦੇਸ਼, ਦੁਨੀਆਂ ਵਿੱਚ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵੋਟਾਂ ਦੀ ਸਮਰੀ ਰਵੀਜਨ ਉਹ ਹਮੇਸ਼ਾ ਹੁੰਦੀ ਰਹਿੰਦੀ ਹੈ, ਜਿਸ ਚ ਮ੍ਰਿਤਕ ਜਾਂ ਕਿਸੇ ਹੋਰ ਥਾਂ ਜਾਣ ਵਾਲੇ ਜਾਂ ਕਿਸੇ ਹੋਰ ਤੱਥਾਂ ਤੇ ਅਧਾਰ ਤੇ ਵੋਟਰਾਂ ਦੀਆਂ ਵੋਟਰਾਂ ਕੱਟ ਜਾਂਦੀਆਂ ਸਨ ਤੇ ਨਵੀਂਆਂ ਵੋਟਾਂ ਬਣਦੀਆਂ ਹਨ, ਪਰੰਤੂ ਚੋਣ ਕਮਿਸ਼ਨ ਨੇ ਅਜੀਬੋ ਗਰੀਬ ਕਾਰਨਾਮਾ ਕਰਦਿਆਂ ਬੰਗਾਲ ਵਿੱਚ 27 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ, ਜਿਨ੍ਹਾਂ ਤੇ ਸਵਾਲ ਉਠੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਿਹੜੇ ਰਾਜਾਂ ਵਿੱਚ ਪ੍ਰਸਿੱਧ ਮੁੱਖ ਮੰਤਰੀਆਂ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਸਟਾਲਿਨ, ਇਨ੍ਹਾਂ ਦੇ ਹਲਕਿਆਂ ਚ ਲੱਖਾਂ ਵੋਟਾਂ ਕੱਟੀਆਂ ਗਈਆਂ ਅਤੇ ਕੁਝ ਅਜਿਹੇ ਵੋਟਰਾਂ ਦੀਆਂ ਆਖਰੀ ਸਟੇਜ ਤੇ ਵੋਟਾਂ ਬਣਾ ਦਿੱਤੀਆਂ। ਇਸ ਮੌਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਲਿਜਾਣ ਲਈ ਇੱਕ ਬੱਸ ਫੁਹਾਰਾ ਚੌਂਕ ਤੋਂ ਚੱਲੇਗੀ ਅਤੇ ਦੂਜੀ ਬੱਸ ਸਟੈਂਡ ਤੋਂ ਚਲਾਈ ਜਾਵੇਗੀ।