ਨਿਗਮ ਵੱਲੋਂ ਆਵਾਰਾ ਕੁੱਤਿਆਂ ਨੂੰ ਫੜਨ ਦੀ ਮੁਹਿਮ ਤੇਜ਼
ਨਿਗਮ ਵਲੋਂ ਅਵਾਰਾ ਕੁੱਤਿਆਂ ਨੂੰ ਫੜਨ ਦੀ ਮੁਹਿਮ ਤੇਜ਼
Publish Date: Fri, 22 May 2026 07:33 PM (IST)
Updated Date: Sat, 23 May 2026 04:13 AM (IST)

ਨਸਬੰਦੀ ਕਰਕੇ ਸ਼ੈਲਟਰ ਹੋਮ ਭੇਜਿਆ ਜਾ ਰਿਹੈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਅਤੇ ਇਨ੍ਹਾਂ ਕਾਰਨ ਸਥਾਨਕ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਨੇ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਉਣ ਲਈ ਆਵਾਰਾ ਕੁੱਤਿਆਂ ਨੂੰ ਫੜਨ ਦੀ ਮੁਹਿਮ ਨੂੰ ਕਾਫੀ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਨਿਗਮ ਦੀ ਵਿਸ਼ੇਸ਼ ਡੋਗ ਕੈਚਰ ਟੀਮ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਕਰੀਬ ਇੱਕ ਦਰਜਨ ਆਵਾਰਾ ਕੁੱਤਿਆਂ ਨੂੰ ਫੜ ਕੇ ਐਨੀਮਲ ਬਰਥ ਕੰਟਰੋਲ ਦੇ ਸ਼ੈਲਟਰ ਹੋਮ ਪਹੁੰਚਾਇਆ ਹੈ। ਨਗਰ ਨਿਗਮ ਦੀ ਡੌਗ ਕੈਚਰ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਕਈ ਰਿਹਾਇਸ਼ੀ ਇਲਾਕਿਆਂ ਤੇ ਮੁੱਖ ਬਾਜ਼ਾਰਾਂ ’ਚੋਂ ਆਵਾਰਾ ਕੁੱਤਿਆਂ ਦੇ ਹਮਲਿਆਂ ਤੇ ਉਨ੍ਹਾਂ ਦੇ ਝੁੰਡਾਂ ਕਾਰਨ ਲੋਕਾਂ, ਖਾਸ ਕਰ ਕੇ ਬੱਚਿਆਂ ਤੇ ਬਜ਼ੁਰਗਾਂ ’ਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਇਲਾਕਿਆਂ ’ਚੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੇ ਸੂਚਨਾਵਾਂ ਦੇ ਆਧਾਰ ’ਤੇ ਨਿਗਮ ਦੀਆਂ ਟੀਮਾਂ ਤੁਰੰਤ ਹਰਕਤ ’ਚ ਆਈਆਂ ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਟੀਮ ਦੇ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਸਾਰੇ ਕੁੱਤਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਨਿਗਮ ਦੇ ਸਰਕਾਰੀ ਸ਼ੈਲਟਰ ਹੋਮ ’ਚ ਰੱਖਿਆ ਗਿਆ ਹੈ। ਉੱਥੇ ਮਾਹਰ ਵੈਟਰਨਰੀ ਡਾਕਟਰਾਂ ਦੀ ਨਿਗਰਾਨੀ ਹੇਠ ਇਨ੍ਹਾਂ ਸਾਰੇ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹਲਕਾਅ (ਐਂਟੀ-ਰੇਬੀਜ਼) ਦੇ ਟੀਕੇ ਵੀ ਲਾਏ ਜਾਣਗੇ ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਬਿਮਾਰੀ ਜਾਂ ਖ਼ਤਰਾ ਨਾ ਰਹੇ। ਨਗਰ ਨਿਗਮ ਦੇ ਉੱਚ ਅਧਿਕਾਰੀਆਂ ਅਨੁਸਾਰ ਇਹ ਮੁਹਿੰਮ ਆਉਣ ਵਾਲੇ ਦਿਨਾਂ ’ਚ ਵੀ ਨਿਰੰਤਰ ਜਾਰੀ ਰਹੇਗੀ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ ’ਚ ਆਵਾਰਾ ਕੁੱਤਿਆਂ ਦੀ ਸਮੱਸਿਆ ਜ਼ਿਆਦਾ ਹੈ, ਤਾਂ ਉਹ ਤੁਰੰਤ ਨਗਰ ਨਿਗਮ ਦੇ ਕੰਟਰੋਲ ਰੂਮ ਜਾਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ ਤਾਂ ਜੋ ਡੋਗ ਕੈਚਰ ਟੀਮ ਉੱਥੇ ਪਹੁੰਚ ਕੇ ਤੁਰੰਤ ਕਾਰਵਾਈ ਕਰ ਸਕੇ। ਨਿਗਮ ਦਾ ਟੀਚਾ ਸ਼ਹਿਰ ਨੂੰ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਖੌਫ਼ ਤੋਂ ਮੁਕਤ ਕਰਵਾਉਣਾ ਹੈ।