ਬਿਜਲੀ ਕੱਟ ਤੋਂ ਅੱਕੇ ਲੋਕਾਂ ਪਾਵਰਕਾਮ ਖ਼ਿਲਾਫ਼ ਲਾਇਆ ਧਰਨਾ
ਪਿੰਡਾਂ ਵਿੱਚ ਬਿਜਲੀ ਕੱਟ ਤੋਂ ਅੱਕੇ ਲੋਕਾਂ ਨੇ ਪਾਵਰਕੌਮ ਖਿਲਾਫ ਲਾਇਆ ਧਰਨਾ
Publish Date: Thu, 21 May 2026 06:07 PM (IST)
Updated Date: Fri, 22 May 2026 04:10 AM (IST)

ਦੋ ਘੰਟੇ ਰਿਹਾ ਪਟਿਆਲਾ ਪਿਹੇਵਾ ਰਾਜ ਮਾਰਗ ਬੰਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੁਨਰਹੇੜੀ : ਪਿੰਡਾਂ ਵਿੱਚ ਲਗਾਤਾਰ ਹੋ ਰਹੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕਾਂ ਵੱਲੋਂ ਅੱਜ ਪੀਐੱਸਪੀਸੀਐੱਲ ਖ਼ਿਲਾਫ਼ ਪਿੰਡ ਬਹਿਲ ਵਿਖੇ ਧਰਨਾ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਪਿੰਡ ਪੂਨੀਆ, ਭੱਟੀਆਂ, ਤੇਜਾਂ , ਨੈਣ ਕਲਾਂ ਵਾਸੀ ਇਕੱਠੇ ਹੋਏ ਅਤੇ ਸੜਕ ਤੇ ਬੈਠ ਕੇ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪਿੰਡਾਂ ਵਿੱਚ ਘੰਟਿਆਂ ਲੰਬੇ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਘਰੇਲੂ ਕੰਮਕਾਜ, ਖੇਤੀਬਾੜੀ ਅਤੇ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰੀ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਕਮੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੁਝ ਦਿਨ ਪਹਿਲਾਂ ਹਨੇਰੀ ਕਾਰਨ ਟੁੱਟੇ ਖੰਭੇ ਵੀ ਪ੍ਰਸ਼ਾਸਨ ਵੱਲੋਂ ਨਹੀਂ ਲਗਾਏ ਗਏ ਜਿਸ ਕਾਰਨ ਉਹ ਅੱਤ ਦੀ ਗਰਮੀ ਦੇ ਵਿੱਚ ਪਰੇਸ਼ਾਨ ਹੋ ਰਹੇ ਹਨ। ਧਰਨਾਕਾਰੀਆਂ ਨੇ ਕਿਹਾ ਹੈ ਕਿ ਬਾਰ-ਬਾਰ ਜੇਈ ਨੂੰ ਫੋਨ ਕਰਨ ਤੇ ਜੇਈ ਵੱਲੋਂ ਕੋਈ ਫੋਨ ਦਾ ਜਵਾਬ ਨਹੀਂ ਦਿੱਤਾ ਜਾਂਦਾ ਅਤੇ ਨਾ ਪਿੰਡਾਂ ਦੀ ਸਪਲਾਈ ਵੱਲ ਧਿਆਨ ਦਿੱਤਾ ਜਾਂਦਾ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਮੌਕੇ ਤੇ ਇਕੱਠੇ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਪੀਐੱਸਪੀਸੀਐੱਲ ਦੇ ਗੁਰਪਿੰਦਰ ਸਿੰਘ ਐੱਸਡੀਓ ਸਨੌਰ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਬਿਜਲੀ ਦੀ ਸਪਲਾਈ ਰਿਪੇਅਰ ਕਰਕੇ ਚਲਾ ਦਿੱਤੀ ਜਾਵੇਗੀ । ਉਹਨਾਂ ਕਿਹਾ ਹੈ ਕਿ ਗਰਮੀ ਜਿਆਦਾ ਪੈਣ ਕਾਰਨ ਫੀਡਰ ਗਰਮ ਹੋ ਜਾਂਦੇ ਹਨ ਅਤੇ ਕੁਝ ਮੌਸਮ ਦੇ ਕਾਰਨ ਸਪਲਾਈ ਦੇ ਵਿੱਚ ਵਿਘਨ ਪੈ ਜਾਂਦੇ ਹਨ ਜਿਸ ਕਾਰਨ ਪਰਮਿਟ ਲੈਣਾ ਪੈਂਦਾ ਹੈ ਅਤੇ ਸਪਲਾਈ ਕੁਝ ਸਮੇਂ ਲਈ ਬੰਦ ਕਰਨੀ ਪੈਂਦੀ ਹੈ ।ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਹਟਾ ਦਿੱਤਾ ਅਤੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ, ਸੁਖਵਿੰਦਰ ਸਿੰਘ ਲਾਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ, ਬਲਾਕ ਪ੍ਰਧਾਨ, ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪਿੰਡਾਂ ਦੇ ਲੋਕ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਸਨ।