ਪੈਸੇ ਲਈ ਬਚਪਨ ਦੇ ਦੋਸਤ ਦੇ 30 ਵਾਰ ਮਾਰਿਆ ਚਾਕੂ, ਚੀਕ ਵੀ ਨਾ ਨਿੱਕਲਣ ਦਿੱਤੀ
ਪੈਸੇ ਲਈ ਬਚਪਨ ਦੇ ਦੋਸਤ ਦੇ 30 ਵਾਰ ਮਾਰਿਆ ਚਾਕੂ, ਚੀਕ ਵੀ ਨਾ ਨਿੱਕਲਣ ਦਿੱਤੀ
Publish Date: Thu, 21 May 2026 06:01 PM (IST)
Updated Date: Fri, 22 May 2026 04:10 AM (IST)

ਮੈਡੀਕਲ ਵਿਦਿਆਰਥੀ ਕਤਲ ਮਾਮਲਾ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਨਿਊ ਲਾਲ ਬਾਗ ਸਥਿਤ ਪੀ.ਜੀ ਵਿੱਚ ਰਹਿਣ ਵਾਲੇ ਮੈਡੀਕਲ ਵਿਦਿਆਰਥੀ ਕਮਲਦੀਪ ਮਿੱਤਲ ਦਾ ਕਤਲ ਸ਼ੇਅਰ ਮਾਰਕੀਟਿੰਗ ਦਾ ਪੈਸਾ ਆਨਲਾਈਨ ਜੂਏ ਵਿੱਚ ਹਾਰਨ ਵਾਲੇ ਉਸ ਦੇ ਦੋਸਤ ਮੋਹਿਤ ਵਰਮਾ ਨੇ ਕੀਤਾ ਸੀ। ਮੁਲਜ਼ਮ ਮੋਹਿਤ ਵਰਮਾ ਨੇ ਵੱਧ ਮੁਨਾਫ਼ੇ ਦਾ ਲਾਲਚ ਦੇ ਕੇ ਮੈਡੀਕਲ ਵਿਦਿਆਰਥੀ ਕਮਲਦੀਪ ਨੂੰ ਆਪਣੀਆਂ ਗੱਲਾਂ ਵਿੱਚ ਉਲਝਾਇਆ ਸੀ, ਜਿਸ ਤੋਂ ਬਾਅਦ ਕਮਲਦੀਪ ਨੇ ਆਪਣੇ ਮਾਮੇ ਦੇ ਲੜਕੇ ਲਕਸ਼ਦੀਪ ਸਿੰਗਲਾ ਆਸਟ੍ਰੇਲੀਆ ਤੋਂ ਹੌਲੀ-ਹੌਲੀ 35 ਲੱਖ ਰੁਪਏ ਮੰਗਵਾਏ। ਇਹ ਪੈਸਾ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਦੀ ਬਜਾਏ ਮੁਲਜ਼ਮ ਨੇ ਆਨਲਾਈਨ ਗੇਮਿੰਗ ਐਪਸ ਵਿੱਚ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਇਹ ਸਾਰੀ ਰਕਮ ਹਾਰ ਗਿਆ। ਐੱਸ.ਐੱਸ.ਪੀ. ਪਟਿਆਲਾ ਆਈ.ਪੀ.ਐੱਸ. ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਵਰਮਾ ਪਹਿਲੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਮੈਡੀਕਲ ਵਿਦਿਆਰਥੀ ਕਮਲਦੀਪ ਦੇ ਨਾਲ ਪੜ੍ਹਿਆ ਸੀ ਅਤੇ ਦੋਵੇਂ ਬਰੇਟਾ ਵਿੱਚ ਗੁਆਂਢੀ ਵੀ ਹਨ। ਮੁਲਜ਼ਮ ਨੇ ਆਪਣੇ ਬਚਪਨ ਦੇ ਦੋਸਤ ਤੇ 25 ਤੋਂ 30 ਵਾਰ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਮਲਦੀਪ ਮਿੱਤਲ ਜਦੋਂ ਆਪਣੇ ਪੈਸੇ ਵਾਪਸ ਮੰਗਦਾ ਸੀ ਤਾਂ ਮੁਲਜ਼ਮ ਟਾਲ-ਮਟੋਲ ਕਰ ਦਿੰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਮਸੇਰੇ ਭਰਾ ਦੇ ਕਹਿਣ ਤੇ ਜਦੋਂ ਕਮਲਦੀਪ ਨੇ ਮੋਹਿਤ ਵਰਮਾ ਨੂੰ 4 ਲੱਖ ਰੁਪਏ ਤੁਰੰਤ ਮੋੜਨ ਲਈ ਕਿਹਾ, ਤਾਂ ਪੈਸੇ ਨਾ ਹੋਣ ਕਾਰਨ ਮੁਲਜ਼ਮ ਨੇ ਕਤਲ ਦੀ ਸਾਜ਼ਿਸ਼ ਘੜ ਲਈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਡੱਬੀ ਇਕੱਠਿਆਂ ਪੰਜਾਬੀ ਫ਼ਿਲਮ ਦੇਖੀ, ਅਗਲੀ ਸਵੇਰ ਕਤਲ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਵਰਮਾ ਨੇ ਚਾਰ ਮਹੀਨੇ ਪਹਿਲਾਂ ਕਮਲਦੀਪ ਮਿੱਤਲ ਵੱਲੋਂ ਪੈਸੇ ਵਾਪਸ ਮੰਗਣ ਤੇ ਦੱਸਿਆ ਸੀ ਕਿ ਉਹ ਇਹ ਪੈਸਾ ਆਨਲਾਈਨ ਗੇਮਿੰਗ ਐਪ ਦੇ ਚੱਕਰ ਵਿੱਚ ਗੁਆ ਚੁੱਕਾ ਹੈ ਤੇ ਇਕਦਮ ਪੈਸੇ ਨਹੀਂ ਮੋੜ ਸਕਦਾ। ਕਮਲਦੀਪ ਮਿੱਤਲ ਨੇ ਪੈਸੇ ਡੁੱਬਦੇ ਦੇਖ ਕੇ ਘਰਦਿਆਂ ਨੂੰ ਸੱਚਾਈ ਦੱਸਣ ਦਾ ਫ਼ੈਸਲਾ ਕਰ ਲਿਆ ਸੀ, ਜਿਸ ਕਾਰਨ ਮੁਲਜ਼ਮ ਮੋਹਿਤ ਘਬਰਾ ਗਿਆ। ਇਹ ਸਾਰਾ ਪੈਸਾ ਉਸ ਦੇ ਬੈਂਕ ਖਾਤੇ ’ਚ ਆਨਲਾਈਨ ਟ੍ਰਾਂਸਫਰ ਹੋਇਆ ਸੀ, ਇਸ ਲਈ ਉਸ ਨੇ ਖੁਦ ਨੂੰ ਫਸਦਾ ਹੋਇਆ ਦੇਖਿਆ। ਅਜਿਹੀ ਸਥਿਤੀ ਵਿੱਚ ਮੁਲਜ਼ਮ ਨੇ ਕਤਲ ਦੀ ਯੋਜਨਾ ਬਣਾਈ ਤੇ ਬਾਜ਼ਾਰ ਵਿੱਚੋਂ ਇੱਕ ਲੰਮਾ ਚਾਕੂ ਖਰੀਦ ਕੇ ਕੱਪੜਿਆਂ ’ਚ ਛੁਪਾਉਣ ਤੋਂ ਬਾਅਦ 17 ਮਈ ਨੂੰ ਕਮਲਦੀਪ ਦੇ ਪੀ.ਜੀ. ਪਹੁੰਚ ਗਿਆ। ਉੱਥੇ ਦੋਵਾਂ ਨੇ ਪਹਿਲਾਂ ਸਿਨੇਮਾ ਹਾਲ ਵਿੱਚ ਜਾ ਕੇ ਪੰਜਾਬੀ ਫ਼ਿਲਮ ਦੇਖੀ ਅਤੇ ਬਾਅਦ ਵਿੱਚ ਆਈ.ਪੀ.ਐੱਲ. ਕ੍ਰਿਕਟ ਮੈਚ ਦੇਖਣ ਤੋਂ ਬਾਅਦ ਰਾਤ ਨੂੰ ਇਕੱਠਿਆਂ ਡਿਨਰ ਕੀਤਾ ਅਤੇ ਪੀ.ਜੀ. ਵਿੱਚ ਹੀ ਸੌਂ ਗਏ। ਡੱਬੀ ਪਿੱਛੋਂ ਧੌਣ ’ਤੇ ਕੀਤਾ ਚਾਕੂ ਨਾਲ ਵਾਰ ਅਗਲੀ ਸਵੇਰ ਸਵਾ ਛੇ ਵਜੇ ਕਮਲਦੀਪ ਉੱਠਣ ਤੋਂ ਬਾਅਦ ਪਰਿਵਾਰ ਨਾਲ ਗੱਲ ਕਰਨ ਲੱਗਾ ਅਤੇ ਕਾਲਜ ਜਾਣ ਲਈ ਤਿਆਰ ਹੋਣ ਦੀ ਗੱਲ ਕਹਿ ਕੇ ਬਾਥਰੂਮ ਵਿੱਚ ਚਲਾ ਗਿਆ। ਇੰਨੇ ਵਿੱਚ ਮੋਹਿਤ ਵਰਮਾ ਨੇ ਕਤਲ ਦੀ ਤਿਆਰੀ ਕਰ ਕੇ ਉਸ ਦੇ ਬਾਹਰ ਆਉਣ ਦਾ ਇੰਤਜ਼ਾਰ ਕੀਤਾ। ਜਿਵੇਂ ਹੀ ਕਮਲਦੀਪ ਬਾਹਰ ਨਿਕਲਿਆ, ਤਾਂ ਮੋਹਿਤ ਨੇ ਪਿੱਛੋਂ ਉਸ ਦੀ ਧੌਣ ਤੇ ਵਾਰ ਕਰ ਦਿੱਤਾ। ਧੌਣ ਦੇ ਆਰ-ਪਾਰ ਚਾਕੂ ਲੰਘਣ ਕਾਰਨ ਕਮਲਦੀਪ ਚੀਕ ਵੀ ਨਾ ਸਕਿਆ ਤੇ ਹੇਠਾਂ ਡਿੱਗ ਗਿਆ। ਹੇਠਾਂ ਡਿੱਗੇ ਕਮਲਦੀਪ ਤੇ ਮੁਲਜ਼ਮ ਮੋਹਿਤ ਨੇ ਤਾਬੜਤੋੜ 25 ਤੋਂ 30 ਵਾਰ ਕੀਤੇ, ਜਿਸ ਕਾਰਨ ਤੇਜ਼ਧਾਰ ਹਥਿਆਰ ਵੀ ਦੋ ਟੁਕੜਿਆਂ ’ਚ ਟੁੱਟ ਗਿਆ। ਇਸ ਤੋਂ ਬਾਅਦ ਮੁਲਜ਼ਮ ਮੋਹਿਤ ਨੇ ਕਮਲਦੀਪ ਦੇ ਨੱਕ ਕੋਲ ਉਂਗਲਾਂ ਕਰ ਕੇ ਸਾਹ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ। ਡੱਬੀ ਕਤਲ ਤੋਂ ਬਾਅਦ ਫਿਰ ਪੈਸੇ ਟ੍ਰਾਂਸਫਰ ਕੀਤੇ ਮੁਲਜ਼ਮ ਮੋਹਿਤ ਨੂੰ ਕਮਲਦੀਪ ਦੇ ਆਨਲਾਈਨ ਟ੍ਰਾਂਜੈਕਸ਼ਨ ਦਾ ਕੋਡ ਪਤਾ ਸੀ, ਜਿਸ ਕਾਰਨ ਕਤਲ ਤੋਂ ਬਾਅਦ ਉਸ ਨੇ ਸਵੇਰੇ ਸੱਤ ਵਜੇ ਦੇ ਕਰੀਬ ਕਮਲਦੀਪ ਦੇ ਖਾਤੇ ਵਿੱਚੋਂ 25 ਹਜ਼ਾਰ ਰੁਪਏ ਆਪਣੇ ਖਾਤੇ ’ਚ ਟ੍ਰਾਂਸਫਰ ਕਰ ਲਏ। ਪੈਸੇ ਟ੍ਰਾਂਸਫਰ ਕਰਨ ਤੋਂ ਬਾਅਦ ਉਹ ਪੀ.ਜੀ. ਤੋਂ ਨਿਕਲ ਗਿਆ ਕਿਉਂਕਿ ਕਤਲ ਦੌਰਾਨ ਵਾਰ ਕਰਦੇ ਸਮੇਂ ਉਹ ਖੁਦ ਵੀ ਜ਼ਖਮੀ ਹੋ ਗਿਆ ਸੀ। ਮੋਹਿਤ ਨੇ ਪਹਿਲਾਂ ਰਾਜਿੰਦਰਾ ਹਸਪਤਾਲ ਜਾ ਕੇ ਐਕਸੀਡੈਂਟ ਦਾ ਬਹਾਨਾ ਬਣਾ ਕੇ ਇੱਕ ਹੱਥ ਤੇ ਟਾਂਕੇ ਲਗਵਾਏ ਤੇ ਬਾਕੀ ਇਲਾਜ ਸਮਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਇਆ। ਮੁਲਜ਼ਮ ਦੇ ਦੋਵਾਂ ਹੱਥਾਂ ਤੇ ਦਸ-ਦਸ ਟਾਂਕੇ ਲੱਗੇ ਹਨ। ਮੁਲਜ਼ਮ ਨੇ ਆਪਣਾ ਇਲਾਜ ਵੀ ਦੋਸਤ ਦੇ ਖਾਤੇ ਚੋਂ ਟ੍ਰਾਂਸਫਰ ਕੀਤੇ ਪੈਸਿਆਂ ਨਾਲ ਕਰਵਾਇਆ ਅਤੇ ਸਮਾਣਾ ਪਹੁੰਚਣ ਤੋਂ ਬਾਅਦ ਆਪਣੇ ਪਿਤਾ ਨੂੰ ਬੁਲਾ ਕੇ ਉਨ੍ਹਾਂ ਨਾਲ ਚਲਾ ਗਿਆ। ਇੰਨਾ ਹੀ ਨਹੀਂ, ਮੁਲਜ਼ਮ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਮੌਕੇ ਤੇ ਇਕ ਨੋਟ ਵੀ ਛੱਡਿਆ ਸੀ।