ਤਿੱਖੀ ਗਰਮੀ ’ਚ ਘਨੌਰ ਦੇ ਲੋਕਾਂ ‘ਤੇ ਦੂਹਰੀ ਮਾਰ
ਤਿੱਖੀ ਗਰਮੀ ਵਿੱਚ ਘਨੌਰ ਦੇ ਲੋਕਾਂ ‘ਤੇ ਦੂਹਰੀ ਮਾਰ
Publish Date: Thu, 21 May 2026 04:45 PM (IST)
Updated Date: Fri, 22 May 2026 04:04 AM (IST)

ਗੰਦੇ ਪਾਣੀ ਕਾਰਨ ਨਹਿਰ ਕੰਢੇ ਲੱਗੇ ਨਲਕਿਆਂ ਤੋਂ ਬੁਝਾ ਰਹੇ ਪਿਆਸ, ਪਾਣੀ ਭਰਨ ਲਈ ਲੱਗਦੀਆਂ ਲੰਮੀਆਂ ਕਤਾਰਾਂ, ਨਹਿਰਾਂ ‘ਤੇ ਹਰ ਰੋਜ਼ ਬਣਦਾ ਮੇਲੇ ਵਰਗਾ ਮਾਹੌਲ ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਇਕ ਪਾਸੇ ਤਿੱਖੀ ਗਰਮੀ ਅਤੇ ਚੜ੍ਹਦੇ ਤਾਪਮਾਨ ਨੇ ਲੋਕਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ, ਦੂਜੇ ਪਾਸੇ ਘਨੌਰ ਸ਼ਹਿਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨੇ ਲੋਕਾਂ ਦੀ ਪਰੇਸ਼ਾਨੀ ਹੋਰ ਵਧਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਲੋਕਾਂ ਨੂੰ ਵਧੇਰੇ ਪਾਣੀ ਦੀ ਲੋੜ ਪੈ ਰਹੀ ਹੈ, ਪਰ ਸ਼ਹਿਰ ਵਿੱਚ ਮਿਲ ਰਹੇ ਗੰਦੇ ਅਤੇ ਬਦਬੂਦਾਰ ਪਾਣੀ ਨੇ ਲੋਕਾਂ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ। ਸੀਵਰੇਜ ਮਹਿਕਮੇ ਦੀ ਪਾਣੀ ਵਾਲੀ ਟੈਂਕੀ ਤੋਂ ਘਰਾਂ ਵਿੱਚ ਆ ਰਹੇ ਪਾਣੀ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਟੂਟੀਆਂ ਦੇ ਪਾਣੀ ਵਿੱਚੋਂ ਤੇਜ਼ ਬਦਬੂ ਆਉਂਦੀ ਹੈ ਅਤੇ ਪਾਣੀ ਪੀਣ ਯੋਗ ਨਹੀਂ ਰਿਹਾ। ਕਈ ਲੋਕਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਗੰਦਾ ਪਾਣੀ ਸਿਹਤ ਲਈ ਖਤਰਾ ਬਣ ਸਕਦਾ ਹੈ ਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਮਜਬੂਰੀ ਕਾਰਨ ਵੱਡੀ ਗਿਣਤੀ ਵਿੱਚ ਲੋਕ ਨਹਿਰ ਕੰਢੇ ਲੱਗੇ ਦੋ ਨਲਕਿਆਂ ਤੋਂ ਪਾਣੀ ਭਰਨ ਲਈ ਪਹੁੰਚ ਰਹੇ ਹਨ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਲੋਕ ਕੈਨ, ਡਰੰਮ ਅਤੇ ਬਾਲਟੀਆਂ ਲੈ ਕੇ ਨਲਕਿਆਂ ‘ਤੇ ਕਤਾਰਾਂ ਵਿੱਚ ਖੜ੍ਹੇ ਹੋ ਜਾਂਦੇ ਹਨ। ਦੁਪਹਿਰ ਦੀ ਤਪਦੀ ਧੁੱਪ ਵਿੱਚ ਵੀ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਉਂਦੇ ਹਨ। ਨਹਿਰ ਕੰਢੇ ਦਾ ਦ੍ਰਿਸ਼ ਹਰ ਰੋਜ਼ ਮੇਲੇ ਵਰਗਾ ਬਣ ਜਾਂਦਾ ਹੈ। ਔਰਤਾਂ, ਬਜ਼ੁਰਗ ਤੇ ਨੌਜਵਾਨ ਪਾਣੀ ਭਰਨ ਲਈ ਘੰਟਿਆਂ ਉਡੀਕ ਕਰਦੇ ਹਨ। ਕਈ ਲੋਕ ਦੋਪਹੀਆ ਵਾਹਨਾਂ ਤੇ ਰੇਹੜੀਆਂ ‘ਤੇ ਪਾਣੀ ਵਾਲੇ ਕੈਨ ਲੈ ਕੇ ਆਉਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਾਫ਼ ਪਾਣੀ ਦੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਗਰਮੀ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਸਥਾਨਕ ਨਿਵਾਸੀਆਂ ਨੇ ਪੰਜਾਬ ਸਰਕਾਰ ਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਘਨੌਰ ਵਿੱਚ ਪੀਣ ਵਾਲੇ ਪਾਣੀ ਦੀ ਤੁਰੰਤ ਜਾਂਚ ਕਰਵਾਈ ਜਾਵੇ ਤੇ ਲੋਕਾਂ ਨੂੰ ਸਾਫ਼, ਸੁੱਧ ਅਤੇ ਠੰਢਾ ਪਾਣੀ ਮੁਹੱਈਆ ਕਰਵਾਉਣ ਲਈ ਪੱਕੇ ਪ੍ਰਬੰਧ ਕੀਤੇ ਜਾਣ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।