ਪੀਯੂ ਸਫ਼ਾਈ ਸੇਵਕਾਂ ਲਈ ਕਮੇਟੀ ਦਾ ਕੀਤਾ ਗਠਨ
ਪੀਯੂ ਸਫ਼ਾਈ ਸੇਵਕਾਂ ਨੂੰ ਵਰਕਚਾਰਜ ਕਰਨ ਲਈ ਕਮੇਟੀ ਦਾ ਕੀਤਾ ਗਠਨ
Publish Date: Sat, 16 May 2026 04:45 PM (IST)
Updated Date: Sat, 16 May 2026 04:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਸੇਵਕਾਂ ਵੱਲੋਂ ਦਿਹਾੜੀਦਾਰ ਤੋਂ ਵਰਕਚਾਰਜ਼ ਕਰਨ ਦੀ ਮੰਗ ਕਾਰਨ ਸ਼ਾਂਤਮਈ ਧਰਨਾ ਲਗਾਇਆ ਜਾ ਰਿਹਾ ਸੀ। ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੀਤੇ ਕੱਲ੍ਹ ਵਾਈਸ ਚਾਂਸਲਰ ਨਾਲ ਮੀਟਿੰਗ ਉਪਰੰਤ ਸਫ਼ਾਈ ਸੇਵਕਾਂ ਨੂੰ ਵਰਕਚਾਰਜ ਕਰਨ ਲਈ ਕਮੇਟੀ ਗਠਿਤ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਅੱਜ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਵੱਲੋਂ ਸਫ਼ਾਈ ਸੇਵਕਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਕਨਵੀਨਰ ਅਮਰਜੀਤ ਕੌਰ ਗਿੱਲ ਤੇ ਆਗੂ ਪ੍ਰਕਾਸ਼ ਸਿੰਘ ਧਾਲੀਵਾਲ, ਸੰਦੀਪ ਰਾਜਪੁਰਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਫ਼ਾਈ ਸੇਵਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਬਣਨ ਉਪਰੰਤ ਸਾਰੇ ਕੱਚੇ ਕਾਮਿਆਂ ਨੂੰ ਵਰਕਚਾਰਜ ਹੋਣ ਦੀ ਆਸ ਜਾਗੀ ਹੈ। ਆਗੂਆਂ ਨੇ ਕਿਹਾ ਕਿ ਹਾਲ ਦੀ ਘੜੀ ਸ਼ਾਂਤਮਈ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਦੁਬਾਰਾ ਫੇਰ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵਾਈਸ ਚਾਂਸਲਰ ਨਾਲ ਮੁਲਾਕਾਤ ਕੀਤੀ ਤੇ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਮੁਲਾਕਾਤ ਦੌਰਾਨ ਕੱਚੇ ਕਾਮਿਆਂ ਨੇ ਮੰਗ ਕੀਤੀ ਕਿ ਗਠਿਤ ਕੀਤੀ ਗਈ ਕਮੇਟੀ ਵਿਚ ਦੋ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਕੱਚੇ ਕਾਮਿਆਂ ਨੂੰ ਵਰਕਚਾਰਜ ਕਰਨ ਸਬੰਧੀ ਕਾਰਵਾਈ ਜਲਦ ਪੂਰੀ ਹੋ ਸਕੇ। ਆਗੂ ਅਮਰਜੀਤ ਕੌਰ ਗਿੱਲ ਨੇ ਕਿਹਾ ਕਿ ਦਿਹਾੜੀਦਾਰ ਕਾਮਿਆਂ ਨੂੰ ਜਲਦ ਵਰਕਚਾਰਜ ਕਰਵਾਉਣ ਦਾ ਯਤਨ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਵੱਲੋਂ ਕੀਤਾ ਜਾਵੇਗਾ। ਅੱਜ ਦੀ ਇਕੱਤਰਤਾ ਦੌਰਾਨ ਕਨਵੀਨਰ ਅਮਰਜੀਤ ਕੌਰ ਗਿੱਲ, ਪ੍ਰਕਾਸ਼ ਸਿੰਘ ਧਾਲੀਵਾਲ, ਸੰਦੀਪ ਰਾਜਪੁਰਾ ਸਕੱਤਰ, ਕੁਲਦੀਪ ਸਿੰਘ, ਗੁਰਤੇਜ ਸਿੰਘ, ਜਤਿੰਦਰ ਸਿੰਘ ਕਾਲਾ, ਮਨਜੀਤ ਸਿੰਘ, ਰਾਜੇਸ਼ ਗੱਗੂ ਆਦਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਹੋਏ।