ਅਕਾਲੀ ਆਗੂ ਸੁਰਜੀਤ ਸਿੰਘ ਅੱਜ ਹੋਣਗੇ 'ਆਪ' ਦੇ, ਮੁੱਖ ਮੰਤਰੀ ਆਉਣਗੇ ਰੱਖੜਾ
ਅਕਾਲੀ ਆਗੂ ਸੁਰਜੀਤ ਸਿੰਘ ਅੱਜ ਹੋਣਗੇ 'ਆਪ' ਦੇ, ਮੁੱਖ ਮੰਤਰੀ ਆਉਣਗੇ ਰੱਖੜਾ
Publish Date: Fri, 15 May 2026 06:42 PM (IST)
Updated Date: Sat, 16 May 2026 04:09 AM (IST)

* ਹਲਕਾ ਸਮਾਣਾ ਦਾ ਸਿਆਸੀ ਸਮੀਕਰਨ ਬਦਲਿਆ ਫੋਟੋ : 15ਪੀਟੀਐਲ : 39 ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ। ਪਟਿਆਲਾ ਜ਼ਿਲ੍ਹੇ ਦੇ ਸਿਆਸੀ ਗੜ੍ਹ ਮੰਨੇ ਜਾਂਦੇ ਰੱਖੜਾ ਪਰਿਵਾਰ ਦੇ ਇਸ ਫੈਸਲੇ ਨੇ ਸੂਬੇ ਦੀਆਂ ਸਿਆਸੀ ਸਫ਼ਾਂ ’ਚ ਹਲਚਲ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਪਟਿਆਲਾ ਦੇ ਨਾਭਾ ਰੋਡ ’ਤੇ ਸਥਿਤ ਰੱਖੜਾ ਵਿਲਾ ਵਿਚ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਕੋਠੀ ’ਚ ਵਿਸ਼ਾਲ ਟੈਂਟ ਲਾਏ ਗਏ ਹਨ ਤੇ ਮਹਿਮਾਨਾਂ ਦੀ ਆਮਦ ਨੂੰ ਦੇਖਦੇ ਹੋਏ ਹਲਵਾਈ ਬਿਠਾ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ, ਸ਼ਨੀਵਾਰ ਬਾਅਦ ਦੁਪਹਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਖੁਦ ਰੱਖੜਾ ਵਿਲਾ ਪਹੁੰਚ ਕੇ ਸੁਰਜੀਤ ਸਿੰਘ ਰੱਖੜਾ ਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੂੰ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਉਣਗੇ। ਇਸ ਸਮਾਗਮ ਲਈ ਹਲਕਾ ਸਮਾਣਾ ਤੇ ਰੱਖੜਾ ਨੇੜਲੇ ਦਰਜਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਹੈ। ਕਿਉਂ ਛੱਡਿਆ ਅਕਾਲੀ ਦਲ? ਰੱਖੜਾ ਨੇ ਖੋਲ੍ਹੇ ਪੱਤੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਉਨ੍ਹਾਂ ਇਹ ਫ਼ੈਸਲਾ ਸੂਬੇ ਦੇ ਹਿੱਤਾਂ ਨੂੰ ਦੇਖਦਿਆਂ ਲਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੇਅਦਬੀਆਂ ਦੇ ਮਾਮਲੇ ’ਚ ਸਖ਼ਤ ਕਾਨੂੰਨ ਬਣਾਉਣਾ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਅ ਕੇ ਹਰ ਖੇਤ ਤੱਕ ਪਹੁੰਚਾਉਣ ਦਾ ਕੰਮ ਸ਼ਲਾਘਾਯੋਗ ਹੈ। ਰੱਖੜਾ ਨੇ ਕਿਹਾ, ‘ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹਾਂ ਤੇ ਇਸੇ ਲਈ ਆਪਣੇ ਸਾਥੀਆਂ ਸਮੇਤ ਆਪ ’ਚ ਸ਼ਾਮਲ ਹੋਣ ਜਾ ਰਿਹਾ ਹਾਂ।’ ਹਲਕੇ ’ਚ ਮਿਲੀਆਂ ਪੂਰੀਆਂ ਸ਼ਕਤੀਆਂ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਪਹਿਲਾਂ ਹੀ ਆਪ ਵੱਲੋਂ ਫ੍ਰੀ-ਹੈਂਡ ਦਿੱਤੇ ਜਾਣ ਦੇ ਸੰਕੇਤ ਮਿਲ ਰਹੇ ਹਨ। ਸਮਾਣਾ ਨਗਰ ਕੌਂਸਲ ਦੀਆਂ ਮੌਜੂਦਾ ਚੋਣਾਂ ’ਚ ਰੱਖੜਾ ਧੜੇ ਦੇ 17 ਉਮੀਦਵਾਰਾਂ ਨੇ ਆਪ ਦੀ ਟਿਕਟ ਤੇ ਨਾਮਜ਼ਦਗੀਆਂ ਭਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ’ਚ ਸਮਾਣਾ ਦੇ ਦੋ ਵਾਰ ਕੌਂਸਲ ਪ੍ਰਧਾਨ ਰਹਿ ਚੁੱਕੇ ਕਪੂਰ ਚੰਦ ਬਾਂਸਲ ਸਮੇਤ ਕਈ ਸਾਬਕਾ ਅਕਾਲੀ ਕੌਂਸਲਰ ਸ਼ਾਮਲ ਹਨ। ਚਰਚਾ ਹੈ ਕਿ ਨਾਭਾ ਹਲਕੇ ਤੋਂ ਵੀ ਕਈ ਵੱਡੇ ਚਿਹਰੇ ਛੇਤੀ ਰੱਖੜਾ ਦੇ ਪਿੱਛੇ-ਪਿੱਛੇ ਆਪ ਦਾ ਝਾੜੂ ਫੜ ਸਕਦੇ ਹਨ। ਮਿਲੇਗਾ ਕੈਬਨਿਟ ਰੈਂਕ ਦਾ ਅਹੁਦਾ ਸੁਰਜੀਤ ਸਿੰਘ ਰੱਖੜਾ ਕਿਸੇ ਸਮੇਂ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਭਰੋਸੇਮੰਦ ਆਗੂਆਂ ਵਿਚੋਂ ਇੱਕ ਸਨ। ਉਨ੍ਹਾਂ ਕੋਲ ਪੇਂਡੂ ਵਿਕਾਸ, ਪੰਚਾਇਤ ਤੇ ਜਲ ਸਪਲਾਈ ਵਰਗੇ ਅਹਿਮ ਵਿਭਾਗ ਰਹੇ ਹਨ। ਹਾਲਾਂਕਿ, ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਤੋਂ ਬਾਅਦ ਉਨ੍ਹਾਂ ਬਾਗ਼ੀ ਸੁਰ ਅਪਣਾ ਲਏ ਸਨ। ਹੁਣ ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਰੱਖੜਾ ਦੇ ਸਿਆਸੀ ਕੱਦ ਨੂੰ ਦੇਖਦਿਆਂ ਆਪ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਹੁੰਦਿਆਂ ਹੀ ਕੋਈ ਵੱਡਾ ਕੈਬਨਿਟ ਰੈਂਕ ਦਾ ਅਹੁਦਾ ਜਾਂ ਅਹਿਮ ਜ਼ਿੰਮੇਵਾਰੀ ਸੌਂਪ ਸਕਦੀ ਹੈ। ਜੌੜਾਮਾਜਰਾ ਦੀ ਚੁੱਪੀ ਨੇ ਛੇੜੀ ਨਵੀਂ ਚਰਚਾ ਜਿੱਥੇ ਇਕ ਪਾਸੇ ਰੱਖੜਾ ਦੇ ਆਉਣ ਨਾਲ ਆਪ ਮਜ਼ਬੂਤ ਹੁੰਦੀ ਦਿਖ ਰਹੀ ਹੈ, ਉੱਥੇ ਹੀ ਸਮਾਣਾ ਤੋਂ ਮੌਜੂਦਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਇਸ ਪੂਰੇ ਘਟਨਾਕ੍ਰਮ ਤੇ ਚੁੱਪੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਲਕੇ ’ਚ ਚਰਚਾ ਹੈ ਕਿ ਪੁਰਾਣੇ ਸਿਆਸੀ ਵਿਰੋਧੀਆਂ ਦੇ ਇੱਕੋ ਪਾਰਟੀ ’ਚ ਆਉਣ ਨਾਲ ਆਗਾਮੀ ਦਿਨਾਂ ’ਚ ਸਮਾਣਾ ਦੀ ਸਿਆਸਤ ’ਚ ਨਵੇਂ ਸਮੀਕਰਨ ਦੇਖਣ ਨੂੰ ਮਿਲ ਸਕਦੇ ਹਨ।