ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਬੱਸ ਬਾਜ਼ਾਰ ’ਚ ਪਲਟੀ
ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਬੱਸ ਬਾਜ਼ਾਰ ’ਚ ਪਲਟੀ
Publish Date: Fri, 15 May 2026 06:00 PM (IST)
Updated Date: Fri, 15 May 2026 06:03 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਬ ਡਵੀਜ਼ਨ ਪਾਤੜਾਂ ਦੇ ਕਸਬਾ ਘੱਗਾ ਵਿਖੇ ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਬੱਸ ਦੇ ਪਲਟ ਜਾਣ ਨਾਲ ਇਕ ਦੀ ਮੌਤ ਹੋ ਗਈ ਜਦੋਂ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁੱਜੀ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਜ਼ਖ਼ਮੀ ਵਿਅਕਤੀਆਂ ਨੂੰ ਬੱਸ ਵਿਚ ਕੱਢ ਕੇ ਹਸਪਤਾਲ ਵਿਚ ਪਹੁੰਚਾਇਆ ਗਿਆ। ਜਾਣਕਾਰੀ ਦਿੰਦਿਆਂ ਐੱਸਐੱਸਐੱਫ ਟੀਮ ਦੇ ਮੁਖੀ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਠੌਰ ਟ੍ਰੈਵਲਜ਼ ਦੀ ਬੱਸ ਜੋ ਕਿ ਜੈਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ ਅਚਾਨਕ ਸਵੇਰੇ ਤਰਕ ਸਾਰ ਸਾਢੇ ਤਿੰਨ ਵਜੇ ਦੇ ਕਰੀਬ ਕਸਬਾ ਘੱਗਾ ਦੇ ਅਤਾਲਾਂ ਮੋੜ ਦੇ ਨਜ਼ਦੀਕ ਬੇਕਾਬੂ ਹੋ ਕੇ ਪਹਿਲਾਂ ਬਿਜਲੀ ਦੇ ਖੰਭੇ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਸੜਕ ਕਿਨਾਰੇ ਪਲਟ ਗਈ।ਹਾਦਸੇ ਤੋਂ ਬਾਅਦ ਮੌਕੇ ’ਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੇ ਵੀ ਰਾਹਤ ਕਾਰਜਾਂ ’ਚ ਸਹਿਯੋਗ ਦਿੱਤਾ ਅਤੇ ਜ਼ਖ਼ਮੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਜ਼ਖ਼ਮੀ ਯਾਤਰੀਆਂ ਨੂੰ ਨਿੱਜੀ ਤੇ ਸਰਕਾਰੀ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਸਮਾਣਾ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਜ਼ਖ਼ਮੀਆਂ ਵਿਚ ਸੰਜੀਵ ਕੁਮਾਰ, ਅਮਿੱਤ ਕੁਮਾਰ, ਸੋਨੂ ਕੁਮਾਰੀ, ਮਨੋਜ ਕੁਮਾਰ, ਰਾਮ ਅਵਤਾਰ, ਨਰਿੰਦਰ ਕੁਮਾਰ, ਸੁਸ਼ੀਲ ਕੁਮਾਰ, ਸੁਮਨ ਦੇਵੀ, ਸਚਿਨ ਕੁਮਾਰ, ਰਾਘਵ ਲੱਖੀ ਅਤੇ ਅਮਰ ਚੰਦ ਹਨ। ਐੱਸਐੱਸਐੱਫ ਟੀਮ ਵਿਚ ਏਐੱਸਆਈ ਚਰਨਜੀਤ ਸਿੰਘ ਤੋਂ ਇਲਾਵਾ ਕਾਂਸਟੇਬਲ ਹਰਪ੍ਰੀਤ ਸਿੰਘ ਅਤੇ ਕਾਂਸਟੇਬਲ ਅਮ੍ਰਿਤ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਈ ਗਈ।