ਰਾਜਪੁਰਾ ਕੌਂਸਲ ਚੋਣ ਲਈ ਭਾਜਪਾ ਵਲੋਂ 28 ਉਮੀਦਵਾਰਾਂ ਦੀ ਸੂਚੀ ਜਾਰੀ
ਰਾਜਪੁਰਾ ਕੌਂਸਲ ਚੋਣ ਲਈ ਭਾਜਪਾ ਵਲੋਂ 28 ਉਮੀਦਵਾਰਾਂ ਦੀ ਸੂਚੀ ਜਾਰੀ
Publish Date: Thu, 14 May 2026 06:42 PM (IST)
Updated Date: Fri, 15 May 2026 04:12 AM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ ਭਾਜਪਾ ਨੇ ਨਗਰ ਕੌਂਸਲ ਰਾਜਪੁਰਾ ਦੀਆਂ ਆਉਣ ਵਾਲੀਆਂ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਭਾਜਪਾ ਵੱਲੋਂ ਚੋਣ ਇੰਚਾਰਜ ਨਿਯੁਕਤ ਕੀਤੇ ਗਏ ਐੰਸਕੇ ਦੇਵ ਤੇ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ ਨੇ ਅੱਜ ਰਾਜਪੁਰਾ ਸਥਿਤ ਪਾਰਟੀ ਦਫ਼ਤਰ ਵਿੱਚ 31 ਵਿੱਚੋਂ 28 ਵਾਰਡਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਅਤੇ ਬਾਕੀ ਤਿੰਨ ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਸ ਮੌਕੇ ਤੇ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨ ਵਾਲੇ ਨੀਰਜ ਨਨਾ ਆਪਣੀ ਪਤਨੀ ਅਤੇ ਹੋਰਨਾਂ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਭਾਜਪਾ ਨੇ ਉਹਨਾਂ ਦੀ ਪਤਨੀ ਨੂੰ ਵਾਰਡ ਨੰਬਰ 13 ਲਈ ਆਪਣਾ ਉਮੀਦਵਾਰ ਐਲਾਨ ਦਿੱਤਾ। ਇਸ ਮੌਕੇ ਤੇ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਜੱਗਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਰਾਜਪੁਰਾ ਵਿੱਚ ਕੋਈ ਮਹੱਤਵਪੂਰਨ ਵਿਕਾਸ ਕਾਰਜ ਨਹੀਂ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਹੈ, ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ, ਪਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਸ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਅਹਿਮ ਭੂਮਿਕਾ ਨਿਭਾਏਗੀ ਅਤੇ ਜਨਤਾ ਨੂੰ ਭਾਜਪਾ ਉਮੀਦਵਾਰਾਂ ਨੂੰ ਚੁਣ ਕੇ ਸ਼ਹਿਰ ਦੇ ਵਿਕਾਸ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਜੱਗਾ ਨੇ ਦਾਅਵਾ ਕੀਤਾ ਕਿ ਸਿਰਫ਼ ਭਾਜਪਾ ਹੀ ਰਾਜਪੁਰਾ ਨੂੰ ਇੱਕ ਸੁੰਦਰ ਤੇ ਸੰਗਠਿਤ ਸ਼ਹਿਰ ਬਣਾ ਸਕਦੀ ਹੈ। ਚੋਣ ਇੰਚਾਰਜ ਐੱਸਕੇ ਦੇਵ ਨੇ ਕਿਹਾ ਕਿ ਪਾਰਟੀ ਨੇ ਸਾਰੇ ਵਾਰਡਾਂ ਵਿੱਚ ਮਜ਼ਬੂਤ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਉਮੀਦ ਹੈ ਕਿ ਭਾਜਪਾ ਨਗਰ ਕੌਂਸਲ ਵਿੱਚ ਬਹੁਮਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਬਾਕੀ ਤਿੰਨ ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਐੱਸਕੇ ਦੇਵ ਨੇ ਇਹ ਵੀ ਕਿਹਾ ਕਿ ਪਾਰਟੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਜ਼ੋਰਦਾਰ ਢੰਗ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਰੁਪਿੰਦਰ ਸਿੰਘ ਸੰਧੂ, ਇਕਬਾਲ ਸਿੰਘ ਕੰਬੋਜ, ਦਿਨੇਸ਼ ਮਹਿਤਾ, ਜ਼ਿਲ੍ਹਾ ਐਸ.ਸੀ. ਵਿੰਗ ਦੇ ਪ੍ਰਧਾਨ ਜਗਦੀਪ ਜਗੀ, ਆਸ਼ਾ ਸਹਿਜਦਾ, ਵੀਨਾ ਕੁਮਾਰੀ, ਅਤੇ ਹੋਰ ਮੌਜੂਦ ਸਨ।