ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ
ਐਸਐਸਪੀ ਦਫ਼ਤਰ ਅੱਗੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਰੋਸ ਧਰਨਾ
Publish Date: Thu, 14 May 2026 06:25 PM (IST)
Updated Date: Fri, 15 May 2026 04:09 AM (IST)

ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਮਨੁੱਖੀ ਅਧਿਕਾਰਾਂ ਦੇ ਕਾਤਲਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ਤੇ ਵੱਖ-ਵੱਖ ਜੱਥੇਬੰਦੀਆਂ ਨੇ ਪਟਿਆਲਾ ਵਿਖੇ ਐਸਐਸਪੀ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ, ਮਜ਼ਦੂਰ ਨੌਜਵਾਨ ਤੇ ਵੱਡੀ ਤਾਦਾਦ ਵਿੱਚ ਕਿਸਾਨ ਔਰਤਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ਼ੁਕਰਾਨਾ ਰੈਲੀ ਦੌਰਾਨ ਪੰਜਾਬ ਪੁਲਿਸ ਨੇ 8 ਮਈ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਆਗੂਆਂ ਨੂੰ ਘਰਾਂ ਵਿੱਚੋਂ ਹੀ ਹਿਰਾਸਤ ਵਿੱਚ ਲੈ ਲਿਆ ਸੀ। 9 ਮਈ ਨੂੰ ਪਿੰਡ ਹਰਦਾਸਪੁਰ ਦੇ ਗੁਰਦੁਆਰਾ ਸਾਹਿਬ ਵਿੱਚੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ। ਕਿਸਾਨਾਂ ਦਾ ਦੋਸ਼ ਹੈ ਕਿ ਮਨਵਿੰਦਰ ਸਿੰਘ ਟਿਵਾਣਾ ਨਾਲ ਡੀਐੱਸਪੀ ਰੈਂਕ ਦੇ ਅਧਿਕਾਰੀ ਵੱਲੋਂ ਬਦਤਮੀਜ਼ੀ ਕਰਦਿਆਂ ਕਵਰੇਜ ਰੋਕਣ ਲਈ ਉਸ ਦਾ ਕੈਮਰਾ ਤੇ ਮੋਬਾਈਲ ਫੋਨ ਖੋਹ ਕੇ ਉਸ ਦੇ ਪੁੱਤਰ ਦੀ ਹਾਜ਼ਰੀ ਵਿੱਚ ਪਿਤਾ ਨੂੰ ਜ਼ਲੀਲ ਕੀਤਾ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਬਲਾਕ ਸਨੌਰ ਦੇ ਆਗੂ ਮੱਖਣ ਸਿੰਘ ਵਾਸੀ ਪਿੰਡ ਦੌਣ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਚੌਕੀ ਵਿੱਚ ਰੱਖਿਆ ਗਿਆ ਤੇ ਫਿਰ ਪੁਲਿਸ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰਕੇ ਉਸ ਨੂੰ ਕੱਪੜੇ ਲਹਾ ਨਗਨ ਕੀਤਾ ਗਿਆ। ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪੱਤਰਕਾਰਾਂ ਤੇ ਸੰਘਰਸ਼ਸੀਲ ਕਿਸਾਨ ਆਗੂਆਂ ਖ਼ਿਲਾਫ਼ ਵਧੀਕੀਆਂ ਤੇ ਮਨਮਾਨੀਆਂ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਮਾਮਲਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ, ਭਾਰਤੀ ਕਿਸਾਨ ਯੂਨੀਅਨ ਭਟੇੜੀ ਦੇ ਸੂਬਾਈ ਆਗੂ ਗੁਰਧਿਆਨ ਸਿੰਘ ਸਿਊਣਾ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਕਾਰ ਸਿੰਘ ਬੈਂਸ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਰਣਜੀਤ ਸਿੰਘ ਸਵਾਜਪੁਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਚਿਤਾਵਨੀ ਹੈ ਕਿ ਜੇਕਰ ਸਰਕਾਰ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਨੂੰ ਤੁਰੰਤ ਨੱਥ ਨਾ ਪਾਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਚਲਾਨ ਪੇਸ਼ ਕੀਤਾ ਜਾਵੇ। ਕਿਸਾਨਾਂ ਦੇ ਜ਼ਬਤ ਕੀਤੇ ਵਹੀਕਲ, ਮੋਬਾਇਲ ਫੋਨ ਤੇ ਹੋਰ ਸਾਮਾਨ ਵਾਪਸ ਕੀਤਾ ਜਾਵੇ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਲੌਗੋਵਾਲ, ਜੰਗ ਸਿੰਘ ਭਟੇੜੀ, ਗਰਨਾਮ ਸਿੰਘ ਢੈਠਲ, ਕਰਨੈਲ ਸਿੰਘ ਲ਼ੰਗ, ਗੁਰਦੇਵ ਸਿੰਘ ਗੱਜੂਮਾਜਰਾ, ਪਰਵਿੰਦਰ ਸਿੰਘ ਬਾਬਨਪੁਰ, ਦਵਿੰਦਰ ਕੌਰ ਹਰਦਾਸਪੁਰ, ਗੁਰਪ੍ਰੀਤ ਕੌਰ ਬਰਾਸ, ਚਮਕੌਰ ਸਿੰਘ ਭੇਡਪੁਰਾ, ਬਹਾਦਰ ਸਿੰਘ ਦਦਹੇੜਾ, ਗੁਰਚਰਨ ਸਿੰਘ, ਸੁਰਿੰਦਰ ਗੌਸਪੁਰਾ ਨੇ ਸੰਬੋਧਨ ਕੀਤਾ।