ਬਲਾਕ ਪ੍ਰਧਾਨ ਅਤੇ ਕੌਂਸਲਰ ਪਤੀ ਸਮੇਤ ਕਈ ਭਾਜਪਾ ’ਚ ਸ਼ਾਮਿਲ

ਨਾਭਾ ’ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ
ਨਾਭਾ ਹਲਕੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਿਆ, ਜਦੋਂ ਪਾਰਟੀ ਦੇ ਕਈ ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਨੇ 'ਆਪ' ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਭਾਦਸੋਂ ਤੋਂ ਬਲਾਕ ਪ੍ਰਧਾਨ ਤਰੁਨ ਖਨੌੜਾ, ਮੌਜੂਦਾ ਕੌਂਸਲਰ ਦੇ ਪਤੀ ਹਰਮੇਸ਼ ਮੇਸ਼ੀ ਤੇ ਯੂਥ ਵਿੰਗ ਦੇ ਪ੍ਰਭਾਵਸ਼ਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਆਪਣੇ ਕਈ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ ਹਨ। ਯਾਦਵਿੰਦਰ ਸਿੰਘ ਯਾਦੂ ਨੂੰ ਇਲਾਕੇ ਦੇ ਨੌਜਵਾਨਾਂ ਵਿੱਚ ਇੱਕ ਵੱਡੇ ਚਿਹਰੇ ਵਜੋਂ ਦੇਖਿਆ ਜਾਂਦਾ ਹੈ, ਜਿਨ੍ਹਾਂ ਦੇ ਜਾਣ ਨਾਲ 'ਆਪ' ਨੂੰ ਸੰਗਠਨਾਤਮਕ ਤੌਰ 'ਤੇ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਘਟਨਾਕ੍ਰਮ ਨੇ ਨਾਭਾ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ 'ਆਪ' ਲਈ ਆਪਣਾ ਕਿਲ੍ਹਾ ਬਚਾਉਣਾ ਇੱਕ ਵੱਡੀ ਚੁਣੌਤੀ ਹੋਵੇਗਾ।
ਪਾਰਟੀ ਛੱਡਣ ਵਾਲੇ ਆਗੂਆਂ ਨੇ ਹਲਕਾ ਵਿਧਾਇਕ ਦੀ ਕਾਰਜਪ੍ਰਣਾਲੀ 'ਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ। ਯਾਦਵਿੰਦਰ ਸਿੰਘ ਯਾਦੂ ਅਤੇ ਹਰਮੇਸ਼ ਮੇਸ਼ੀ ਨੇ ਦੋਸ਼ ਲਾਇਆ ਕਿ ਵਿਧਾਇਕ ਆਪਣੇ ਚੋਣ ਵਾਅਦਿਆਂ 'ਤੇ ਖਰਾ ਨਹੀਂ ਉਤਰੇ। ਉਨ੍ਹਾਂ ਕਿਹਾ ਕਿ ‘ਆਮ ਆਦਮੀ ਪਾਰਟੀ ਵਿੱਚ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਕੇਵਲ 4-5 ਖਾਸ ਬੰਦੇ ਹੀ ਵਿਧਾਇਕ ਨੂੰ ਚਲਾ ਰਹੇ ਹਨ ਅਤੇ ਹਲਕੇ ਦੇ ਹਰ ਕੰਮ ਵਿੱਚ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਦੇ ਵਫ਼ਾਦਾਰ ਵਰਕਰਾਂ ਨੂੰ ਅਣਗੋਲਿਆ ਕਰਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ 'ਸੈਟਿੰਗਾਂ' ਕਰਕੇ ਕੰਮ ਕੀਤੇ ਜਾ ਰਹੇ ਹਨ।’ ਉਨ੍ਹਾਂ ਅੱਗੇ ਕਿਹਾ ਕਿ ਵਿਧਾਇਕ ਦੇ ਨਜ਼ਦੀਕੀ ਵਿਅਕਤੀਆਂ 'ਤੇ ਲੱਗ ਰਹੇ ਦੋਸ਼ਾਂ ਕਾਰਨ ਸ਼ਹਿਰ ਅਤੇ ਪਾਰਟੀ ਦੀ ਬਦਨਾਮੀ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿਣਾ ਹੀ ਬਿਹਤਰ ਸਮਝਿਆ।
ਇਨ੍ਹਾਂ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਲਈ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਮੇਸ਼ ਗੋਇਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨਾਲ ਰਾਜੇਸ਼ ਬਾਂਸਲ ਬੱਬੂ ਤੇ ਬਰਿੰਦਰ ਬਿੱਟੂ ਵੀ ਮੌਜੂਦ ਸਨ। ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਪੱਖੀ ਨੀਤੀਆਂ ਸਦਕਾ ਹਰ ਵਰਗ ਭਾਜਪਾ ਨਾਲ ਜੁੜ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦਾ ਪੂਰਾ ਮਾਨ-ਸਨਮਾਨ ਰੱਖਿਆ ਜਾਵੇਗਾ।
ਇਸ ਮੌਕੇ ਰਾਜੇਸ਼ ਬਾਂਸਲ ਬੱਬੂ, ਪਰਮਿੰਦਰ ਗੁਪਤਾ, ਵਰਿੰਦਰ ਬਿੱਟੂ, ਸਨੀ ਸਿੰਗਲਾ, ਰੋਬੀਨ ਗੋਇਲ ਜਨਰਲ ਸੈਕਟਰੀ, ਨਰਿੰਦਰ ਸ਼ਰਮਾ ਵਾਈਸ ਪ੍ਰਧਾਨ, ਸੰਜੀਵ ਜਿੰਦਲ, ਤਰੁਣ ਗੁਪਤਾ, ਗਿਰਧਾਰੀ ਲਾਲ, ਅਨਿਲ ਕੁਮਾਰ ਨਨੀ, ਰਿਸ਼ੂ ਮਿੱਤਲ, ਵਿਕਰਮ ਰੱਬ, ਨਵਦੀਪ ਸਿੰਘ, ਕੁਲਵਿੰਦਰ ਸਿੰਘ ਲਾਡੀ, ਕਮਲ ਜੋਸ਼ੀ, ਮਾਣਾ ਬਿੰਦਰਾ, ਮਹਿੰਦਰ ਕੁਮਾਰ ਅਤੇ ਮੋਹਿਤ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।