ਮੈਰਿਟ 'ਚ ਚਮਕੀਆਂ ਵਿਦਿਆਰਥਣਾਂ
ਮੈਰਿਟ 'ਚ ਚਮਕੀਆਂ ਪੁਲਿਸ ਲਾਈਨ ਸਕੂਲ ਦੀਆਂ ਵਿਦਿਆਰਥਣਾਂ
Publish Date: Thu, 14 May 2026 06:10 PM (IST)
Updated Date: Fri, 15 May 2026 04:07 AM (IST)

ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਦਾ ਨਤੀਜਾ 100 ਫੀਸਦੀ ਰਿਹਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਤੇ 4 ਵਿਦਿਆਰਥਣਾਂ ਨੇ ਪੰਜਾਬ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ। ਕਾਮਰਸ ਗਰੁੱਪ ਦੀ ਵਿਦਿਆਰਥਣ ਰਿਧੀਮਾ ਨੇ 97.2 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਮੈਰਿਟ ਵਿੱਚ 15ਵਾਂ ਸਥਾਨ ਪ੍ਰਾਪਤ ਕੀਤਾ, ਜਦਕਿ ਇਸ਼ਮੀਤ ਕੌਰ ਨੇ 96.8 ਫੀਸਦੀ ਅੰਕ ਪ੍ਰਾਪਤ ਕਰਕੇ 17ਵਾਂ ਰੈਂਕ ਹਾਸਲ ਕੀਤਾ।ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ ਦੇ ਟੈਕਸੇਸ਼ਨ ਪ੍ਰੈਕਟਿਸਿਸ ਵਿਭਾਗ ਦੀ ਖੁਸ਼ਪ੍ਰੀਤ ਕੌਰ ਨੇ 97.4 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਮੈਰਿਟ ਵਿੱਚ 14ਵਾਂ ਸਥਾਨ ਅਤੇ ਜਸ਼ਨਜੀਤ ਕੌਰ ਨੇ 97.2 ਫੀਸਦੀ ਅੰਕ ਪ੍ਰਾਪਤ ਕਰ ਕੇ ਪੰਜਾਬ ਮੈਰਿਟ ’ਚ 15ਵਾਂ ਸਥਾਨ ਹਾਸਲ ਕੀਤਾ। ਸਕੂਲ ਦੇ ਸਾਇੰਸ ਅਤੇ ਆਰਟਸ ਗਰੁੱਪਾਂ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ। ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਧਿਆਪਕਾਂ ਦੀ ਲਗਾਤਾਰ ਮਿਹਨਤ ਅਤੇ ਵਿਦਿਆਰਥਣਾਂ ਦੀ ਲਗਨ ਨਾਲ ਇਹ ਵੱਡੀ ਉਪਲਬਧੀ ਸੰਭਵ ਹੋਈ ਹੈ।ਉਨ੍ਹਾਂ ਦੱਸਿਆ ਕਿ ਕੁੱਲ 231 ਵਿਦਿਆਰਥਣਾਂ ਵਿੱਚੋਂ 56 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਪ੍ਰਿੰਸੀਪਲ ਵੱਲੋਂ ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ 5100-5100 ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਨਾਲ ਹੀ ਵਿਦਿਆਰਥਣਾਂ ਦੇ ਮਾਪਿਆਂ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ। ਪ੍ਰਿੰਸੀਪਲ ਮੈਡਮ ਨੇ ਕਾਮਰਸ ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰਾਂ ਅਤੇ ਸਮੂਹ ਵਿਸ਼ਾ ਅਧਿਆਪਕਾਂ ਦੀ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ।