ਜਨਗਣਨਾ ਡਿਊਟੀਆਂ ਨੂੰ ਲੈ ਕੇ ਤਹਿਸੀਲਦਾਰ ਨੂੰ ਮਿਲਿਆ ਵਫਦ
ਜਨਗਣਨਾ ਡਿਊਟੀਆਂ ਨੂੰ ਲੈ ਕੇ ਤਹਿਸੀਲਦਾਰ ਨੂੰ ਮਿਲਿਆ ਵਫਦ
Publish Date: Thu, 14 May 2026 06:09 PM (IST)
Updated Date: Fri, 15 May 2026 04:07 AM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪਾਤੜਾਂ ਦੀ ਅਗਵਾਈ ਵਿੱਚ ਗੈਰ-ਵਿਦਿਅਕ ਡਿਊਟੀਆਂ ਦੇ ਵਿਰੋਧ ਵਜੋਂ ਅਤੇ ਜਨਗਣਨਾ ਡਿਊਟੀਆਂ ਸਬੰਧੀ ਅਧਿਆਪਕਾਂ ਨੂੰ ਦਰਪੇਸ਼ ਦਿੱਕਤਾਂ ਦੇ ਸੰਬੰਧ ਵਿੱਚ ਅੱਜ ਤਹਿਸੀਲਦਾਰ ਪਾਤੜਾਂ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ।ਡੀਟੀਐਫ਼ ਦੇ ਸੂਬਾਈ ਆਗੂ ਅਤਿੰਦਰਪਾਲ ਘੱਗਾ,ਬਲਾਕ ਪ੍ਰਧਾਨ ਰਾਜੀਵ ਕੁਮਾਰ ਅਤੇ ਬਲਾਕ ਸਕੱਤਰ ਬਲਜਿੰਦਰ ਘੱਗਾ ਨੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਅਧਿਆਪਕਾਂ ਦੀਆਂ ਵੱਡੀ ਪੱਧਰ ਤੇ ਜਨਗਣਨਾ ਡਿਊਟੀਆਂ ਲਗਾਈਆਂ ਗਈਆਂ ਹਨ, ਜਿਸ ਤਹਿਤ ਪਿੱਛਲੇ ਮਹੀਨੇ ਤੋਂ ਇਸਦੀ ਲਗਾਤਾਰ ਟ੍ਰੇਨਿੰਗ ਚੱਲ ਰਹੀ। ਇਸ ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਅਧਿਆਪਕ ਵਰਗ ਵੀ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ, ਜਿਸ ਤਹਿਤ ਦਾਖ਼ਲਿਆਂ ਸਮੇਤ ਹੋਰ ਬਹੁਤ ਸਾਰਾ ਕੰਮ ਕਾਰਨ ਵਾਲਾ ਹੁੰਦਾ ਹੈ। ਪਰ ਵਿਭਾਗ ਦੁਆਰਾ ਅਧਿਆਪਕਾਂ ਨੂੰ ਪੜਾਉਣ ਤੋਂ ਹਟਾ ਕੇ ਟ੍ਰੇਨਿੰਗਾਂ ਕਰਨ ਲਗਾਇਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਿੱਦਿਅਕ ਸਰੋਕਾਰਾਂ ਤੋਂ ਪੂਰੀ ਤਰਾਂ ਮੁਨਕਰ ਹੋ ਚੁੱਕੀ ਹੈ। ਗੈਰ-ਵਿੱਦਿਅਕ ਡਿਊਟੀਆਂ ਜਿਵੇੰ ਕਿ ਬੀਐਲਓ ਡਿਊਟੀ ਦੇ ਤਹਿਤ ਵੋਟਰ ਸੂਚੀਆਂ ਦੀ ਸੁਧਾਈ, ਡਰੱਗ ਸੈਂਸਜ਼, ਜਨਗਣਨਾ, ਹੈਲਥ ਕਾਰਡ ਆਦਿ ਨੂੰ ਦੇਖਕੇ ਹੀ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਜਨਤਕ ਸਿੱਖਿਆ ਪ੍ਰਤੀ ਕਿੰਨੀ ਕੁ ਸੁਹਿਰਦ ਹੈ। ਜਥੇਬੰਦੀ ਵੱਲੋਂ ਜਨਗਣਨਾ ਡਿਊਟੀਆਂ ਸਬੰਧੀ ਅਧਿਆਪਕਾਂ ਨੂੰ ਆ ਰਹੀਆਂ ਦਿੱਕਤਾਂ ਜਿਵੇਂ ਕਿ ਮੈਡੀਕਲ ਆਧਾਰ, ਕਪਲ ਕੇਸ ਤੇ ਜਿਨ੍ਹਾਂ ਅਧਿਆਪਕਾਂ ਦੀਆਂ ਉਨਾਂ ਦੇ ਸਟੇਸ਼ਨ ਤੋਂ ਦੂਰ ਦੁਰਾਡੇ ਡਿਊਟੀਆਂ ਲਾਈਆਂ ਗਈਆਂ ਉਸ ਸਬੰਧੀ ਤਹਿਸੀਲਦਾਰ ਪਾਤੜਾਂ ਹਰਸਿਮਰਨ ਸਿੰਘ ਨੂੰ ਮਿਲਿਆ ਗਿਆ ਤੇ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ। ਇਸ ਮੌਕੇ ਸ਼ੰਕਰ ਸਿੰਘ, ਜਿੰਦਰ ਸਿੰਘ, ਸੰਦੀਪ ਸਿੰਘ, ਬਖਸ਼ੀਸ਼ ਸਿੰਘ ਅਤੇ ਹੋਰ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।