ਪੰਜਾਬੀ ਯੂਨੀਵਰਸਿਟੀ ’ਚ ਕੰਪਿਊਟਰ ਵਰਕਸ਼ਾਪ ਦਾ ਆਯੋਜਨ
ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਵਰਕਸ਼ਾਪ ਦਾ ਆਯੋਜਨ
Publish Date: Thu, 14 May 2026 06:01 PM (IST)
Updated Date: Fri, 15 May 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅਜੋਕੇ ਏਆਈ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਕਈ ਆਨਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ। ਇਸੇ ਲੜੀ ’ਚ 7 ਰੋਜ਼ਾ ਕੰਪਿਊਟਰ ਕਾਰਜਸ਼ਾਲਾਵਾਂ ਆਨਲਾਈਨ ਚਲਾਈਆਂ ਜਾਣਗੀਆਂ ਜਿਸ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਵੱਡਾ ਲਾਭ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਆਯੋਜਿਤ ਸੱਤ ਰੋਜ਼ਾ ਕੰਪਿਊਟਰ ਕਾਰਜਸ਼ਾਲਾ ਦੇ ਸਮਾਪਤੀ ਸਮਾਰੋਹ ਵਿੱਚ ਕੀਤਾ। ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਤੇ ਪ੍ਰਚਾਰ-ਪ੍ਰਸਾਰ ਲਈ ਪੰਜਾਬੀ ਯੂਨੀਵਰਸਿਟੀ ਵਚਨਬੱਧ ਹੈ ਤੇ ਇਸ ਮੰਤਵ ਦੀ ਪੂਰਤੀ ਲਈ ਯੂਨੀਵਰਸਿਟੀ ਦਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਖਾਸ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਕੇਂਦਰ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਨੇ ਦੱਸਿਆ ਕਿ ਕਾਰਜਸ਼ਾਲਾ ਦੌਰਾਨ ਅੱਖਰ ਸਾਫ਼ਟਵੇਅਰ ਦੀ ਵਿਸਤ੍ਰਿਤ ਪ੍ਰਯੋਗੀ ਵਰਤੋਂ ਦੀ ਸਿਖਲਾਈ ਦਾ ਭਾਗੀਦਾਰਾਂ ਨੂੰ ਵੱਡਾ ਲਾਭ ਹੋਇਆ ਹੈ। ਇਸ ਮੌਕੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਸਹਾਇਤਾ ਕੇਂਦਰ ਦਾ ਦਾਇਰਾ ਹੋਰ ਵਡੇਰਾ ਕਰਨ ਲਈ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਪੰਜਾਬੀ ਸਾਫ਼ਟਵੇਅਰਾਂ ਦਾ ਪ੍ਰਯੋਗੀ ਗਿਆਨ ਹੋਣਾ ਲਾਜ਼ਮੀ ਹੈ। ਇਸ ਮੌਕੇ ਕੇਂਦਰ ਦੇ ਕੋਆਰਡੀਨੇਟਰ ਤੇ ਵਰਕਸ਼ਾਪ ਦੇ ਸੰਯੋਜਕ ਡਾ. ਸੀ ਪੀ ਕੰਬੋਜ ਨੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਾਈਸ-ਚਾਂਸਲਰ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਤੇ ਕੋਰਸ ਦੌਰਾਨ ਕਰਵਾਏ ਪ੍ਰਯੋਗੀ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਉੱਤੇ ਆਉਣ ਵਾਲੇ ਵਿਦਿਆਰਥੀ ਸਿਮਰਨਜੀਤ ਕੌਰ, ਵਰਿੰਦਰ ਖੁਰਾਣਾ ਅਤੇ ਰਜਿੰਦਰ ਪਾਲ ਨੂੰ ਸਨਮਾਨਿਤ ਕੀਤਾ। ਸੰਗੀਤ ਵਿਭਾਗ ਦੇ ਜੂਹੀ ਢੀਂਗਰਾ ਤੇ ਜੋਤੀ ਨੇ ਕੰਪਿਊਟਰੀ ਛੱਲਾ ਗਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਸੁਖਮਨੀ ਕੌਰ ਅਤੇ ਮਨਪ੍ਰੀਤ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ।