ਕੱਚੇ ਸਫ਼ਾਈ ਸੇਵਕਾਂ ਨੇ ਸ਼ਹਿਰ ’ਚ ਕੱਢੀ ਰੋਸ ਰੈਲੀ
ਕੱਚੇ ਸਫ਼ਾਈ ਸੇਵਕਾਂ ਨੇ ਸ਼ਹਿਰ ‘ਚ ਕੱਢੀ ਰੋਸ ਰੈਲੀ
Publish Date: Thu, 14 May 2026 05:53 PM (IST)
Updated Date: Fri, 15 May 2026 04:06 AM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਨਗਰ ਪਾਲਿਕਾ ਕਰਮਚਾਰੀ ਸਗੰਠਨ ਵੱਲੋਂ ਕੱਚੇ ਕਰਮਚਾਰੀਆਂ ਦੀ ਮੰਗਾ ਨੂੰ ਪੂਰਾ ਕਰਵਾਉਣ ਲਈ ਸੂਬੇ ਭਰ ਦੀਆਂ ਨਗਰ ਕੌਂਸਲਾਂ ਦੇ ਕੱਚੇ ਸਫਾਈ ਮਜ਼ਦੂਰਾਂ ਵੱਲੋਂ ਹੜਤਾਲ ਨਿਰੰਤਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਦੇ ਦਫਤਰ ਅੱਗੇ ਧਰਨੇ ਤੇ ਬੈਠੇ ਸਫਾਈ ਸੇਵਕਾਂ ਨੇ ਵੀਰਵਾਰ ਨੂੰ ਸ਼ਹਿਰ ਵਿੱਚ ਰੋਸ ਰੈਲੀ ਕੱਢੀ ਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਲਾਜਮ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਲੋਕਾਂ ਤੇ ਮੁਲਾਜ਼ਮ ਵਰਗ ਨਾਲ ਇਹ ਵਾਅਦੇ ਕੀਤੇ ਗਏ ਸਨ, ਕਿ ਜਦੋਂ ਆਮ ਆਦਮੀ ਭਾਵ ਤੁਹਾਡੀ ਸਰਕਾਰ ਸੱਤਾ ’ਚ ਆ ਗਈ ਤਾਂ ਕਿਸੇ ਵੀ ਮੁਲਾਜ਼ਮ ਵਰਗ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੇ ਮਸਲੇ ਦਾ ਹੱਲ ਗੱਲਬਾਤ ਰਾਹੀ ਹੋਵੇਗਾ ਪਰ ‘ਆਪ’ ਲੀਡਰਾਂ ਨੇ ਝੂਠੇ ਵਾਅਦੇ ਕਰ ਕੇ ਸੱਤਾ ’ਤੇ ਕਾਬਜ਼ ਹੋਣ ਦੀ ਮਗਰੋਂ ਮੁਲਾਜ਼ਮ ਵਰਗ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਯੂਨੀਅਨਾਂ ਨੂੰ ਆਪਣੀਆਂ ਹੱਕੀ ਮੰਗਾ ਲਈ ਅਣਮਿੱਥੇ ਸਮੇਂ ਲਈ ਧਰਨੇ ਲਾ ਰਹੇ ਹਨ ਪਰ ਸਰਕਾਰ ਦੇ ਕੰਨਾ ਤੇ ਜੂੰ ਨਹੀਂ ਸਰਕ ਰਹੀ। ਰੋਸ ਰੈਲੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਗਲੀ-ਮੁਹੱਲਿਆਂ ’ਚੋਂ ਹੁੰਦੀ ਹੋਈ ਵਾਪਸ ਨਗਰ ਕੌਂਸਲ ਦਫਤਰ ਵਿਖੇ ਪਹੁੰਚੀ, ਜਿੱਥੇ ਉਹ ਫਿਰ ਧਰਨੇ ਤੇ ਬੈਠ ਗਏ। ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੋਹਿਤ ਕੁਮਾਰ, ਪ੍ਰਧਾਨ ਰਿੰਕੂ ਕੁਮਾਰ, ਵੀਰ ਚੰਦ, ਬਿਕਰਮਜੀਤ ਵਿੱਕੀ, ਦਲੀਪ ਚੰਦ, ਕੁਲਦੀਪ, ਜਸਪਾਲ, ਰਾਹੁਲ ਕੁਮਾਰ, ਧਰਮਿੰਦਰ ਕੁਮਾਰ, ਅਭਿਸ਼ੇਕ ਕੁਮਾਰ, ਕੁਲਵੰਤ ਸਿੰਘ, ਹਨੀ ਕੁਮਾਰ, ਮੁਕੇਸ਼ ਸੇਕਟਰੀ, ਰਾਜੇਸ਼ ਹਾਜਰ ਸਨ।