ਮਿਸ਼ਨ ਐਕਸੀਲੈਂਸ ਨੇ ਬਦਲੀ ਵਿਦਿਆਰਥੀਆਂ ਦੀ ਤਕਦੀਰ
ਮਿਸ਼ਨ ਐਕਸੀਲੈਂਸ ਨੇ ਬਦਲੀ ਭਾਦਸੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੀ ਤਕਦੀਰ
Publish Date: Thu, 14 May 2026 05:30 PM (IST)
Updated Date: Fri, 15 May 2026 04:04 AM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ’ਚ ਸਕੂਲ ਆਫ ਐਮੀਨੈਂਸ ਭਾਦਸੋਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਲਾਕੇ ’ਚ ਵਿਸ਼ੇਸ਼ ਚਰਚਾ ਹਾਸਲ ਕੀਤੀ ਹੈ। ਇਹ ਸਕੂਲ ਮੁਖੀ ਪ੍ਰੀਤਇੰਦਰ ਘਈ ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਚਲਾਏ ਗਏ “ਮਿਸ਼ਨ ਐਕਸੀਲੈਂਸ” ਦੀ ਦੇਣ ਹੈ ਕਿ ਪਹਿਲੀ ਵਾਰ ਸਕੂਲ ਦੇ 8ਵੀਂ, 10ਵੀਂ ਤੇ 12ਵੀਂ ਤਿੰਨਾਂ ਕਲਾਸਾਂ ਦੇ ਵਿਦਿਆਰਥੀਆਂ ਨੇ ਸਟੇਟ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਕੇ ਹੈਟ੍ਰਿਕ ਮਾਰੀ ਹੈ । ਇਸ ’ਚ 12ਵੀਂ ਦੀ ਵਿਦਿਆਰਥਣ ਸਮਤਪ੍ਰੀਤ ਕੌਰ ਪੁੱਤਰੀ ਨਿਰਭੈ ਸਿੰਘ ਵਾਸੀ ਭਾਦਸੋਂ ਨੇ 96.8 ਫੀਸਦੀ, 10ਵੀਂ ਦੀ ਵਿਦਿਆਰਥਣ ਸਾਕਸ਼ੀ ਵਰਮਾ ਪੁੱਤਰੀ ਸੰਦੀਪ ਕੁਮਾਰ ਵਰਮਾ ਨੇ 96.15 ਫੀਸਦੀ ਤੇ 8ਵੀਂ ਦੀ ਵਿਦਿਆਰਥਣ ਹਰਨਾਜ਼ ਕੌਰ ਪੁੱਤਰੀ ਰਣਬੀਰ ਸਿੰਘ ਵਾਸੀ ਮਟੋਰਡਾ ਨੇ 96.3 ਫੀਸਦੀ ਅੰਕ ਪ੍ਰਾਪਤ ਕਰ ਕੇ ਸਟੇਟ ਮੈਰਿਟ ’ਚ ਸਥਾਨ ਬਣਾਇਆ। ਸਕੂਲ ਦੇ ਨਤੀਜਿਆਂ ਅਨੁਸਾਰ 8ਵੀਂ ਜਮਾਤ ’ਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 8 ਅਤੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 10 ਵਿਦਿਆਰਥੀ ਰਹੇ। 10ਵੀਂ ’ਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 11 ਤੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 18 ਵਿਦਿਆਰਥੀ ਰਹੇ। ਇਸੇ ਤਰ੍ਹਾਂ ਨੂੰ12ਵੀਂ ’ਚ 18 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਮਿਸ਼ਨ ਐਕਸੀਲੈਂਸ ਤਹਿਤ 8ਵੀਂ, 10ਵੀਂ ਤੇ 12ਵੀਂ ’ਚੋਂ ਕੁੱਲ 44 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ’ਚੋਂ ਲਗਭਗ ਸਾਰੇ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰ ਕੇ ਸਕੂਲ ਦੀ ਵੱਖਰੀ ਪਛਾਣ ਬਣਾਈ। ਇਸ ਤੋਂ ਇਲਾਵਾ ਸਕੂਲ ਮੁਖੀ ਤੇ ਅਧਿਆਪਕਾਂ ਵੱਲੋਂ ਲਾਈਆਂ ਗਈਆਂ ਵਾਧੂ ਕਲਾਸਾਂ ਦੀ ਬਦੌਲਤ ਐੱਨਐੱਮਐੱਮਐੱਸ ’ਚੋਂ 3 ਵਿਦਿਆਰਥੀਆਂ ਨੇ ਪੇਪਰ ਪਾਸ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਸਮਰੱਥ’ ਤਹਿਤ ਵੀ ਸਕੂਲ ਨੇ ਪੰਜਾਬੀ ਵਿਸ਼ੇ ’ਚ ‘ਐਮਰਜਿੰਗ ਅਕੈਡਮਿਕ ਸਕੂਲ’ ਦਾ ਪਹਿਲਾ ਲੈਵਲ ਸਫਲਤਾਪੂਰਵਕ ਪੂਰਾ ਕੀਤਾ, ਜਿਸ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਸ਼ਰਮਾ ਵੱਲੋਂ ਸਕੂਲ ਮੁਖੀ ਪ੍ਰੀਤਇੰਦਰ ਘਈ ਤੇ ਪੰਜਾਬੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।